ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ —— ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਪੱਕੇ ਘਰ ਬਣਾ ਕੇ ਦੇਣ ਦਾ ਕੰਮ ਲਗਾਤਾਰ ਜਾਰੀ ਹੈ ਤੇ ਇਸੇ ਕੜੀ ਤਹਿਤ ਬੁੱਧਵਾਰ ਨੂੰ ਪਿੰਡ ਅੱਜੋਵਾਲ ਵਿਖੇ 2 ਘਰਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਵਰਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਇਨ੍ਹਾਂ ਘਰਾਂ ਦੇ ਨਿਰਮਾਣ ਲਈ ਅਮਰੀਕਾ ਨਿਵਾਸੀ ਸ. ਲਖਵੀਰ ਸਿੰਘ ਥਿੰਦ ਵੱਲੋਂ ਸੰਸਥਾ ਨੂੰ 2 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ ਹੈ।
ਇਨ੍ਹਾਂ ਘਰਾਂ ਦੇ ਨਿਰਮਾਣ ਦੀ ਸ਼ੁਰੂਆਤ ਕਰਵਾਉਣ ਲਈ ਅੱਜੋਵਾਲ ਵਿਖੇ ਗੁਰਮਤਿ ਗਿਆਨ ਕਾਲਜ ਲੁਧਿਆਣਾ ਦੇ ਪਿ੍ਰੰਸੀਪਲ ਗਿਆਨੀ ਗੁਰਬਚਨ ਸਿੰਘ ਪੰਨਵਾਂ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਵੱਲੋਂ ਨੀਂਹ ਪੱਥਰ ਰੱਖ ਕੇ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਇਸ ਸਮੇਂ ਆਪਣੇ ਸੰਬੋਧਨ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹੋਮ ਫਾਰ ਹੋਮਲੈਂਸ ਸੰਸਥਾ ਵੱਲੋਂ ਜਿਸ ਸ਼ਿੱਦਤ ਨਾਲ ਜਰੂਰਤਮੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਉਸ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਵੀ ਸੇਵਾ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।
ਇਸ ਮੌਕੇ ਵਰਿੰਦਰ ਪਰਹਾਰ ਨੇ ਦੱਸਿਆ ਕਿ ਪਿ੍ਰੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਅੱਜੋਵਾਲ ਵਿਖੇ ਜਰੂਰਤਮੰਦ ਪਰਿਵਾਰਾਂ ਦੇ ਮੈਂਬਰਾਂ ਨੂੰ ਠੰਢ ਤੋਂ ਬਚਾਉਣ ਲਈ ਵੱਡੀ ਗਿਣਤੀ ਵਿੱਚ ਗਰਮ ਕੱਪੜੇ, ਕੰਬਲ ਵੀ ਵੰਡੇ ਗਏ ਹਨ ਤੇ ਸੰਸਥਾ ਨੂੰ 15 ਹਜਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ ਗਈ ਹੈ ਜੋ ਕਿ ਸਮਾਜ ਸੇਵਾ ਦੇ ਕਾਰਜ ਵਿੱਚ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਲਗਾਤਾਰ ਜਾਰੀ ਹੈ ਤੇ ਹਰ ਰੋਜ ਨਵੇਂ ਸਾਥੀ ਸਾਡਾ ਹੱਥ ਫੜ ਰਹੇ ਹਨ ਜਿਸ ਕਾਰਨ ਸਾਡੀ ਤਾਕਤ ਵੱਧਦੀ ਹੈ ਤੇ ਅਸੀਂ ਸੇਵਾ ਦਾ ਦਾਇਰਾ ਵਧਾਉਣ ਵਿੱਚ ਕਾਮਯਾਬ ਹੋ ਰਹੇ ਹਾਂ। ਇਸ ਮੌਕੇ ਸ. ਬਹਾਦਰ ਸਿੰਘ ਸੁਨੇਤ, ਡਾ. ਹਰਜਿੰਦਰ ਸਿੰਘ ਓਬਰਾਏ, ਉਕਾਂਰ ਸਿੰਘ ਧਾਮੀ ਆਦਿ ਵੀ ਮੌਜੂਦ ਸਨ।