ਦਾ ਐਡੀਟਰ ਨਿਊਜ.ਹੁਸ਼ਿਆਰਪੁਰ —- ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਪੈਂਦੀ ਸਬ-ਤਹਿਸੀਲ ਸ਼ਾਮਚੁਰਾਸੀ ਵਿੱਚ ਹੋ ਰਹੀ ਚਾਰਦੀਵਾਰੀ ਦੌਰਾਨ ਵਰਤੀ ਜਾ ਰਹੀ ਦੋਮ ਇੱਟ ਦਾ ਮਾਮਲਾ ਵੀਰਵਾਰ ਨੂੰ ਗਰਮਾਇਆ ਰਿਹਾ, ਚਾਰਦੀਵਾਰੀ ਕਰਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲੋਂ ਇਸ ਕੰਮ ਵਿੱਚ ਵਰਤੀ ਜਾ ਰਹੀ ਦੋਮ ਇੱਟ ਪ੍ਰਤੀ ਜਦੋਂ ਜਾਣਕਾਰੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ਉੱਪਰ ਪੁੱਜ ਕੇ ਜਿੱਥੇ ਕੰਮ ਬੰਦ ਕਰਵਾ ਦਿੱਤਾ ਉੱਥੇ ਹੀ ਐਸ.ਡੀ.ਐਂੱਮ.ਬੈਂਸ ਤੇ ਪੀ.ਡਬਲਿਊ.ਡੀ.ਦੇ ਐਕਸੀਅਨ ਰਾਜੀਵ ਸੈਣੀ ਨੂੰ ਇਸ ਪ੍ਰਤੀ ਜਾਣੂ ਕਰਵਾਇਆ, ਮੌਕੇ ਦੀਆ ਵੀਡੀਓ ਬਣਾ ਕੇ ਇਸ ਆਪ ਆਗੂ ਵੱਲੋਂ ਅਧਿਕਾਰੀਆਂ ਨੂੰ ਭੇਜੀਆਂ ਗਈਆਂ, ਜਿਸ ਉਪਰੰਤ ਪੀ.ਡਬਲਿਊ.ਡੀ. ਵਿਭਾਗ ਵੱਲੋਂ ਜੇ.ਈ.ਰਾਜਿੰਦਰ ਕਨਵਰ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਵੀ ਮੰਨਿਆ ਕਿ ਠੇਕੇਦਾਰ ਵੱਲੋਂ ਠੀਕ ਇੱਟ ਨਹੀਂ ਵਰਤੀ ਜਾ ਰਹੀ ਸੀ।
ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਸਾਫ ਨਿਰਦੇਸ਼ ਹਨ ਕਿ ਹਲਕੇ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਊਣਤਾਣੀ ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਅਹਿਮ ਫੈਸਲੇ ਲਏ ਜਾਣਗੇ ਤੇ ਜਿਹੜੇ ਲੋਕ ਗਲਤ ਕੰਮ ਕਰਕੇ ਸਰਕਾਰ ਦਾ ਅਕਸ ਖਰਾਬ ਕਰ ਰਹੇ ਹਨ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ। ਉੱਥੇ ਹੀ ਪੀ.ਡਬਲਿਊ.ਡੀ.ਦੇ ਅਧਿਕਾਰੀ ਇਹ ਵੀ ਗੱਲ ਮੰਨ ਰਹੇੇ ਹਨ ਕਿ ਖਰਾਬ ਇੱਟਾਂ ਨਿਰਮਾਣ ਲਈ ਭੇਜੀਆਂ ਗਈਆਂ ਹਨ ਜਿਨ੍ਹਾਂ ਨੂੰ ਮੌਕੇ ਤੋਂ ਹਟਾਇਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕੰਮ ਦਾ ਠੇਕਾ ਲੈਣ ਵਾਲੇ ਇੱਕ ਕੈਬਨਿਟ ਮੰਤਰੀ ਦਾ ਚਹੇਤਾ ਹੈ ਜੋ ਕਿ ਵੱਖ-ਵੱਖ ਹਲਕਿਆਂ ਵਿੱਚ ਮੰਤਰੀ ਦੇ ਰਸੂਖ ਨਾਲ ਠੇਕੇ ਪ੍ਰਾਪਤ ਕਰਕੇ ਵਿਧਾਇਕਾਂ ਤੇ ਅਧਿਕਾਰੀਆਂ ਨੂੰ ਦਾਬੇ ਮਾਰ ਰਿਹਾ ਹੈ ਲੇਕਿਨ ਹੁਣ ਆਪ ਦੇ ਕਈ ਵਿਧਾਇਕ ਮੰਤਰੀ ਦੇ ਇਸ ਚਹੇਤੇ ਠੇਕੇਦਾਰ ਦਾ ਦਾਬਾ ਸਹਿਣ ਲਈ ਤਿਆਰ ਨਹੀਂ ਹਨ ਕਿਉਂਕਿ ਮੁੱਖ ਮੰਤਰੀ ਦਫਤਰ ਤੋਂ ਵਿਧਾਇਕਾਂ ਨੂੰ ਸਾਫ ਨਿਰਦੇਸ਼ ਮਿਲ ਚੁੱਕਾ ਹੈ ਕਿ ਜੇਕਰ ਮੰਤਰੀ ਗਲਤ ਬੰਦਿਆਂ ਜਾਂ ਗਲਤ ਕੰਮਾਂ ਦੀ ਪੁਸ਼ਤਪਨਾਹੀ ਕਰਦਾ ਹੈ ਤਾਂ ਇਸ ਦੀ ਰਿਪੋਰਟ ਹਾਈਕਮਾਂਡ ਨੂੰ ਕੀਤੀ ਜਾਵੇ ਤੇ ਇਹੀ ਕਾਰਨ ਹੈ ਕਿ ਆਪ ਆਗੂ ਹੁਣ ਖੁੱਲ੍ਹ ਕੇ ਮੈਦਾਨ ਵਿੱਚ ਆਉਣ ਲਈ ਤਿਆਰ ਹਨ।