ਦਾ ਐਡੀਟਰ ਨਿਊਜ. ਹੁਸ਼ਿਆਰਪੁਰ —- ਜ਼ਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿੱਚ ਇੱਕ ਹਵਾਲਾਤੀ ਨੂੰ ਕੁੱਟਣ ਦੇ ਮਾਮਲੇ ਵਿੱਚ ਜਿੱਥੇ ਜੇਲ੍ਹ ਵਿਭਾਗ ਪੰਜਾਬ ਨੇ ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ ਸਮੇਤ ਕਈ ਹੋਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਉੱਥੇ ਹੀ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਇੱਕ ਵੱਡਾ ਕਾਂਡ ਕਰ ਦਿੱਤਾ ਹੈ ਜਿਸ ਵਿੱਚ ਸਾਰੇ ਨਾਮ ਪਤਾ ਹੁੰਦਿਆ ਹੋਇਆ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ, ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 31 ਅਕਤੂਬਰ 2023 ਨੂੰ ਹਰਿੰਦਰਪਾਲ ਸਿੰਘ ਉਰਫ ਰਿੰਦਾ ਪੁੱਤਰ ਇੰਦਰਜੀਤ ਸਿੰਘ ਜੋ ਕਤਲ ਸਮੇਤ ਕਈ ਮਾਮਲਿਆਂ ਕਾਰਨ ਜੇਲ੍ਹ ਵਿੱਚ ਬੰਦ ਹੈ ਜਦੋਂ ਉਹ ਸਵੇਰੇ ਓਟ ਸੈਂਟਰ ਵਿੱਚ ਲਾਈਨ ਵਿੱਚ ਲੱਗਾ ਹੋਇਆ ਸੀ ਤਦ ਜੇਲ੍ਹ ਸੁਪਰਡੈਂਟ ਜੋਗਿੰਦਰਪਾਲ, ਐਡੀਸ਼ਨਲ ਸੁਪਰਡੈਂਟ ਅਮਿ੍ਰਤਪਾਲ ਸਿੰਘ, ਅਸਿਸਟੈਂਟ ਸੁਪਰਡੈਂਟ ਚਮਨ ਲਾਲ ਅਤੇ ਹੋਰ ਜੇਲ੍ਹ ਮੁਲਾਜਿਮ ਜੇਲ੍ਹ ਦਾ ਦੌਰਾ ਕਰ ਰਹੇ ਸੀ ਤੇ ਇਸ ਦੌਰਾਨ ਰਿੰਦੇ ਨੂੰ ਕੈਪਰੀ ਪਾਏ ਲਾਈਨ ਵਿੱਚ ਖੜ੍ਹਾ ਦੇਖ ਕੇ ਸੁਪਰਡੈਂਟ ਨੇ ਉਸ ਦੇ ਕੈਪਰੀ ਪਾਉਣ ’ਤੇ ਇਤਰਾਜ ਜਤਾਇਆ ਜਿਸ ਪ੍ਰਤੀ ਹਰਿੰਦਰਪਾਲ ਰਿੰਦੇ ਨੇ ਇਹ ਜਵਾਬ ਦਿੱਤਾ ਕਿ ਉਹ ਦੋਬਾਰਾ ਕੈਪਰੀ ਨਹੀਂ ਪਾਏਗਾ ਪਰ ਇਸਦੇ ਬਾਵਜੂਦ ਵੀ ਅਸਿਸਟੈਂਟ ਸੁਪਰਡੈਂਟ ਚਮਨ ਲਾਲ, ਵਾਰਡਨ ਕੇਸ਼ਵ ਬਾਵਾ, ਵਾਰਡਨ ਰਾਜਨਪ੍ਰੀਤ ਸਿੰਘ, ਚੱਕਰ ਹੈੱਡ ਰਜਿੰਦਰ ਕੁਮਾਰ, ਵਾਰਡਰ ਰਜਿੰਦਰ ਕੁਮਾਰ, ਬੱਗਾ ਭਗਤ ਤੇ ਕੁਝ ਹੋਰ ਅਣਪਛਾਤੇ ਜੇਲ੍ਹ ਅਧਿਕਾਰੀਆਂ ਨੇ ਪਹਿਲਾ ਰਿੰਦੇ ਨੂੰ ਉੱਥੇ ਕੁੱਟਿਆ ਤੇ ਫਿਰ ਬਾਅਦ ਵਿੱਚ ਸੁਪਰਡੈਂਟ ਦੇ ਆਫਿਸ ਵਿੱਚ ਲਿਜਾ ਕੇ ਉਸ ਨੂੰ ਕੁੱਟਿਆ ਗਿਆ ਤੇ ਮੁਆਫੀ ਮੰਗਵਾਈ ਗਈ ਤੇ ਬਾਹਰ ਆ ਕੇ ਉਸ ਨੂੰ ਫਿਰ ਕੁੱਟਿਆ ਗਿਆ ਤੇ ਉਪਰੰਤ ਉਸ ਨੂੰ 2 ਦਿਨ ਲਈ ਬੈਰਕ ਨੰਬਰ-21 ਵਿੱਚ ਬੰਦ ਕਰ ਦਿੱਤਾ ਗਿਆ ਜਿੱਥੇ ਉਸ ਨੂੰ ਇਨ੍ਹਾਂ 2 ਦਿਨਾਂ ਦੌਰਾਨ ਖਾਣ-ਪੀਣ ਲਈ ਕੁਝ ਵੀ ਨਹੀਂ ਦਿੱਤਾ ਗਿਆ, ਜਦੋਂ 2 ਦਿਨ ਬਾਅਦ ਉਸ ਨੂੰ ਬੈਰਕ ਵਿੱਚੋ ਬਾਹਰ ਕੱਢਿਆ ਗਿਆ ਤਦ ਉਸ ਨੇ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਰਿੱਟ ਦਾਇਰ ਕਰ ਦਿੱਤੀ ਤੇ ਹਾਈਕੋਰਟ ਕੋਲ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਂਭਣ ਦੀ ਅਪੀਲ ਕੀਤੀ ਲੇਕਿਨ ਇਸੇ ਦੌਰਾਨ ਹੀ ਡਿਪਟੀ ਸੁਪਰਡੈਂਟ ਅੰਮ੍ਰਿਤਪਾਲ ਸਿੰਘ ਨੇ ਇਸ ਮਾਮਲੇ ਦੀ ਜਾਂਚ ਕੀਤੀ ਤੇ 17 ਨਵੰਬਰ 2023 ਨੂੰ ਜਿਹੜੀ ਰਿਪੋਰਟ ਉਸ ਵੱਲੋਂ ਵਿਭਾਗ ਕੋਲ ਦਿੱਤੀ ਗਈ ਉਸ ਵਿੱਚ ਕੁੱਟਮਾਰ ਨੂੰ ਝੁਠਲਾਉਦਿਆ ਹੋਇਆ ਸਿਰਫ ਇੰਨਾ ਹੀ ਕਿਹਾ ਕਿ ਆਪਸ ਵਿੱਚ ਕਿਹਾ-ਸੁਣੀ ਹੋਈ ਸੀ ਤੇ ਇਸ ਦੇ ਆਧਾਰ ਉੱਪਰ ਹੀ ਏ.ਡੀ.ਜੀ.ਪੀ.ਜੇਲ੍ਹ ਨੇ ਹਾਈਕੋਰਟ ਵਿੱਚ ਇਹ ਐਫੀਡੇਵਿਟ ਦਾਇਰ ਕਰ ਦਿੱਤਾ ਕਿ ਕੋਈ ਘਟਨਾ ਹੀ ਨਹੀਂ ਹੋਈ।


ਲੇਕਿਨ ਜਦੋਂ ਰਿੰਦੇ ਦੇ ਵਕੀਲ ਨੇ ਹਾਈਕੋਰਟ ਵਿੱਚ ਉਹ ਫੁਟੇਜ ਚਲਾ ਕੇ ਦਿਖਾਈ ਜਿਸ ਵਿੱਚ ਰਿੰਦੇ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤਦ ਸਾਰਾ ਸੱਚ ਸਾਹਮਣੇ ਆ ਗਿਆ, ਇਸ ’ਤੇ ਮਾਣਯੋਗ ਹਾਈਕੋਰਟ ਨੇ ਏ.ਡੀ.ਜੀ.ਪੀ.ਐੱਸ.ਐੱਸ.ਮਾਨ ਨੂੰ ਤਲਬ ਕਰ ਲਿਆ ਜਿੱਥੇ ਉਨ੍ਹਾਂ ਮੁਆਫੀ ਮੰਗ ਕੇ ਆਪਣਾ ਖਹਿੜਾ ਛੁਡਾਇਆ, ਬਾਅਦ ਵਿੱਚ ਇਸ ਮਾਮਲੇ ਦੀ ਦੋਬਾਰਾ ਰੂਪ ਕੁਮਾਰ ਅਰੋੜਾ ਆਈ.ਜੀ. ਜੇਲ੍ਹ ਵਿਭਾਗ ਵੱਲੋਂ ਜਾਂਚ ਕੀਤੀ ਗਈ ਤੇ 12 ਦਿਸੰਬਰ 2023 ਨੂੰ ਇੱਕ ਰਿਪੋਰਟ ਸੌਂਪੀ ਜਿਸ ਵਿੱਚ ਉਨ੍ਹਾਂ ਨੇ ਇਸ ਸਾਰੀ ਘਟਨਾ ਦਾ ਸੱਚ ਸਾਹਮਣੇ ਲਿਆਂਦਾ, ਇਸ ਰਿਪੋਰਟ ਦੇ ਆਧਾਰ ਉੱਪਰ ਸੁਪਰਡੈਂਟ ਜੋਗਿੰਦਰ ਪਾਲ ਤੇ ਅਸਿਸਟੈਂਟ ਸੁਪਰਡੈਂਟ ਚਮਨ ਲਾਲ ਸਮੇਤ ਕਈ ਜੇਲ੍ਹ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ, ਦਿਲਚਸਪ ਗੱਲ ਤਾਂ ਇਹ ਹੈ ਕਿ ਰਿੰਦੇ ਨੇ ਇਸ ਮਾਮਲੇ ਵਿੱਚ ਜਿਹੜੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਸਨ ਉਨ੍ਹਾਂ ਵਿੱਚ ਘਟਨਾ ਦੇ ਨਾਲ-ਨਾਲ ਸਾਰੇ ਅਧਿਕਾਰੀਆਂ ਦੇ ਨਾਮ ਵੀ ਮੈਜਿਸਟ੍ਰੇਟ ਨੂੰ ਦੱਸੇ ਸਨ, ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਜਿਹੜੀ ਐਫ.ਆਈ.ਆਰ.ਦਰਜ ਕੀਤੀ ਗਈ ਉਸ ਵਿੱਚ ਕਿਸੇ ਵੀ ਜੇਲ੍ਹ ਅਧਿਕਾਰੀ ਦਾ ਨਾਮ ਨਹੀਂ ਦਿੱਤਾ ਗਿਆ ਬਲਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ। ਬੀਤੇ ਕੱਲ੍ਹ ਸ਼ਾਮੀ ਧਾਰਾ-323, 341 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੋਸ਼ੀ ਬਖਸ਼ੇ ਨਹੀਂ ਜਾਣਗੇ-ਐੱਸ.ਐੱਚ.ਓ.
ਐੱਸ.ਐੱਚ.ਓ. ਥਾਣਾ ਸਿਟੀ ਸੰਜੀਵਨ ਸਿੰਘ ਦਾ ਕਹਿਣਾ ਹੈ ਕਿ ਰਿੰਦੇ ਵੱਲੋਂ ਜਿਹੜੀ ਦਰਖਾਸਤ ਸ਼ੈਸ਼ਨ ਜੱਜ ਹੁਸ਼ਿਆਰਪੁਰ ਨੂੰ ਦਿੱਤੀ ਗਈ ਸੀ ਉਸ ਵਿੱਚ ਕਿਸੇ ਅਧਿਕਾਰੀ ਦਾ ਨਾਮ ਸੀ ਲੇਕਿਨ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


