– ਕੋਟਕਪੂਰਾ ਗੋਲੀਕਾਂਡ, ਐਸਆਈਟੀ ਮੁਤਾਬਿਕ ਗੋਲੀ ਪੁਲਿਸ ਤੋਂ ਖੋਹੀ ਬੰਦੂਕ ਵਿੱਚੋਂ ਚੱਲੀ, ਅਦਾਲਤ ਕਰੇਗੀ ਨਿਤਾਰਾ
ਦਾ ਐਡੀਟਰ ਨਿਊਜ.ਚੰਡੀਗੜ੍ਹ —— ਕੋਟਕਪੂਰਾ ਗੋਲੀਕਾਂਡ ਤੇ ਨਵੀ ਵੀਡੀਓ ਸਾਹਮਣੇ ਆਉਣ ਤੋ ਬਾਅਦ ਇਸ ਕੇਸ ਦੀ ਤਸਵੀਰ ਹੀ ਬਦਲ ਗਈ ਹੈ ਤੇ ਇਸ ਵੀਡੀਓ ਦੇ ਆਉਣ ਤੋ ਬਾਦ ਕੋਟਕਪੂਰਾ ਕਾਂਡ ਤੇ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਪੰਜਾਬ ਪੁਲਸ ਵੱਲੋ ਬਣਾਈਆ ਵੱਖ-ਵੱਖ ਐਸਆਈਟੀ ਤੇ ਸਵਾਲ ਖੜੇ ਹੋਣੇ ਲਾਜਮੀ ਹਨ, ਇਸ ਵੀਡੀਓ ਨੇ ਇਸ ਗੱਲ ਦੇ ਸਾਫ ਸੰਕੇਤ ਕਰ ਦਿੱਤੇ ਹਨ ਕੇ ਕਾਂਡ ਵਿੱਚ ਜਖਮੀ ਹੋਏ ਇੱਕੋ-ਇੱਕ ਵਿਅਕਤੀ ਅਜੀਤ ਸਿੰਘ ਨੂੰ ਪੁਲਸ ਦੀ ਗੋਲੀ ਨਹੀਂ ਬਲਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਪੁਲਸ ਦੀਆ ਖੋਹੀਆਂ ਹੋਈਆਂ ਦੋ ਐਸਐਲਆਰ ਤੋਂ ਚਲਾਈ ਗਈ ਹੈ ਤੇ ਇਹ ਘਟਨਾ ਮੁਕਤਸਰ ਰੋਡ ਉਪਰ ਵਾਪਰੀ ਦੱਸੀ ਜਾ ਰਹੀ ਹੈ ਜਦ ਕੇ ਜਿਹੜੇ ਵਿਅਕਤੀ ਕੇਸ ਵਿੱਚ ਨਾਮਜਦ ਹਨ ਉਹ ਕੋਟਕਪੂਰਾ ਚੌਕ ਵਿੱਚ ਹੀ ਮੌਜੂਦ ਸਨ।


57 ਸੈਕੰਡ ਦੀ ਇਸ ਵੀਡੀਓ ਵਿੱਚ ਅਜੀਤ ਸਿੰਘ ਦੇ ਸੱਜੇ ਪੱਟ ਤੇ ਗੋਲੀ ਲੱਗਦੀ ਹੈ ਜੋ ਕੇ ਇਹ ਸਾਬਿਤ ਕਰਦੀ ਹੈ ਕੇ ਗੋਲੀ ਪੁਲਸ ਵੱਲੋਂ ਨਹੀਂ ਬਲਕਿ ਪ੍ਰਦਰਸ਼ਨਕਾਰੀਆ ਵਾਲੇ ਪਾਸੇ ਤੋ ਆਈ। ਜਿਕਰਯੋਗ ਹੈ ਕਿ ਇਹ ਵੀਡੀਓ ਘਟਨਾ ਦੇ 8 ਸਾਲ ਬਾਅਦ ਆਈ ਹੈ, ਇਸ ਤੋਂ ਪਹਿਲਾ ਇਸ ਕੇਸ ਦੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਇੱਕਪਾਸੜ ਜਾਂਚ ਨੂੰ ਹਾਈਕੋਰਟ ਨੇ ਪਹਿਲਾ ਹੀ ਰੱਦ ਕਰ ਦਿੱਤਾ ਸੀ ਤੇ ਮੌਜੂਦਾ ਏਡੀਜੀਪੀ ਐਲ.ਕੇ.ਯਾਦਵ ਵੱਲੋਂ ਕੀਤੀ ਜਾਂਚ ਤੇ ਵੀ ਸਵਾਲ ਉਠ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਸਨ, ਇਕ ਮਾਮਲਾ ਸਾਲ 2015 ਵਿੱਚ ਦਰਜ ਕੀਤਾ ਗਿਆ ਸੀ ਤੇ ਦੂਜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਵਿੱਚ ਕੀਤਾ ਗਿਆ ਸੀ।
ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਐਸ.ਆਈ.ਟੀ.ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਦੇ ਨਾਲ ਦਿੱਤੇ ਗਏ ਸਬੂਤਾਂ ਦੇ ਤਹਿਤ ਐਸਆਈਟੀ ਦੇ ਅਨੁਸਾਰ ਉਹ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਇੱਕ ਪ੍ਰਦਰਸ਼ਨਕਾਰੀ ਵੱਲੋਂ ਹੀ ਚਲਾਈ ਗਈ ਪ੍ਰਤੀਤ ਹੁੰਦੀ ਹੈ। ਕੋਟਕਪੂਰਾ ਗੋਲੀਕਾਂਡ ਦੌਰਾਨ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਲੱਗੀ ਸੀ ਤੇ ਇਸ ਸਬੰਧ ਵਿੱਚ ਪੁਲਿਸ ਨੇ 129 ਨੰਬਰ ਐਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਅਜੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੁਲਿਸ ਵੱਲੋਂ ਚਲਾਈਆ ਗੋਲੀਆ ਵਿੱਚੋੇ ਇਕ ਉਸਦੀ ਲੱਤ ਵਿੱਚ ਲੱਗੀ ਸੀ, ਇਸ ਮਾਮਲੇ ਵਿੱਚ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਇਸ ਸਬੰਧ ਵਿੱਚ ਅਦਾਲਤ ਵਿੱਚ ਜੋ ਚਲਾਨ ਪੇਸ਼ ਕੀਤਾ ਗਿਆ ਹੈ ਉਸ ਨਾਲ ਇੱਕ ਸੀਸੀਟੀਵੀ ਫੁਟੇਜ ਦੀ ਸੀ.ਡੀ. ਵੀ ਪੇਸ਼ ਕੀਤੀ ਗਈ ਹੈ, ਉਸ ਫੁਟੇਜ ਵਿੱਚ ਉਸ ਚੌਂਕ ਨਾਲ ਲੱਗਦੇ ਦੋ ਮਾਰਗਾਂ ਮੁਕਤਸਰ ਰੋਡ ਤੇ ਜੈਤੋ ਰੋਡ ਦੀ ਫੁਟੇਜ ਦਿਖਾਈ ਗਈ ਹੈ।
ਐਸਆਈਟੀ ਵੱਲੋਂ ਇਸ ਬਾਰੇ ਕੀਤੀ ਜਾਂਚ ਦੇ ਅਨੁਸਾਰ ਗੋਲੀਕਾਂਡ ਦੇ ਸਮੇਂ ਪ੍ਰਦਰਸ਼ਨਕਾਰੀਆਂ ਵੱਲੋ ਹੈੱਡ ਕਾਂਸਟੇਬਲ ਰਛਪਾਲ ਸਿੰਘ ਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੇ ਦੋ ਐਸ.ਐਲ.ਆਰ ਖੋਹੀਆਂ ਗਈਆ ਸਨ ਜਿਨਾਂ ਨੂੰ ਲੈ ਕੇ 2 ਵਿਅਕਤੀ ਜਾਂਦੇ ਵੀ ਦਿਖਾਈ ਦਿੰਦੇ ਹਨ। ਚਲਾਨ ਦੇ ਪੰਨਾ ਨੰਬਰ-257 ਤੇ ਐਸਆਈਟੀ ਨੇ ਸਪੱਸ਼ਟ ਕੀਤਾ ਹੈ ਕੇ ਫੁਟੇਜ ਦੇ ਅਨੁਸਾਰ ਇਹ ਐਸਐਲਆਰ ਪ੍ਰਦਰਸ਼ਨਕਾਰੀਆ ਵੱਲੋਂ ਬੀਟ ਬਾਕਸ ਵਿੱਚ ਖੜੇ ਦੋ ਮੁਲਾਜਿਮਾਂ ਤੋ ਖੋਹੀਆਂ ਗਈਆਂ ਸਨ ਇਨਾਂ ਵਿੱਚੋ ਇਕ ਵਿਅਕਤੀ ਸਵੇਰੇ 6 ਵੱਜ ਕੇ 49 ਮਿੰਟ 4 ਸੈਕੰਡ ਤੇ ਦੂਜਾ ਵਿਅਕਤੀ 6 ਵੱਜ ਕੇ 49 ਮਿੰਟ 8 ਸੈਕੰਡ ਤੇ ਐਸਐਲਐਰ ਸਮੇਤ ਕੈਪਚਰ ਹੋਏ ਹਨ, ਇਨਾਂ ਵਿੱਚੋ ਨੀਲੇ ਕੱਪੜੇ ਤੇ ਪੀਲੀ ਦਸਤਾਰ ਵਾਲਾ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਮੁਕਸਤਰ ਰੋਡ ਵੱਲ ਜਾ ਰਿਹਾ ਹੈ ਤੇ ਦੂਜਾ ਫਰੀਦਕੋਟ ਵੱਲ, ਦੂਜੇ ਪਾਸੇ ਪ੍ਰਦਰਸ਼ਨਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਹਨ, ਇਸ ਪਾਸੇ ਅਜੀਤ ਸਿੰਘ ਦਿਖਾਈ ਦੇ ਰਿਹਾ ਹੈ ਜਿਸ ਨੂੰ ਇੱਕਦਮ ਗੋਲੀ ਲੱਗੀ ਤੇ ਉਹ ਡਿੱਗ ਪਿਆ।
ਐਸਆਈਟੀ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਜਿਸ ਸਮੇਂ ਅਜੀਤ ਸਿੰਘ ਨੂੰ ਗੋਲੀ ਲੱਗੀ ਉਸ ਸਮੇਂ ਪੁਲਸ ਵੱਲੋਂ ਉਸ ਦੀ ਖੱਬੀ ਲੱਤ ਹੈ ਜਦੋ ਕਿ ਮੁਕਤਸਰ ਰੋਡ ਜਿਸ ਪਾਸੇ ਪ੍ਰਦਰਸ਼ਨਕਾਰੀ ਹਨ ਉਸ ਪਾਸੇ ਸੱਜੀ ਲੱਤ ਹੈ ਤੇ ਇਸੇ ਪਾਸੇ ਹੀ ਉਸਦੇ ਗੋਲੀ ਲੱਗੀ ਸੀ ਜੋ ਕਿ ਮੁਕਤਸਰ ਰੋਡ ਵੱਲੋਂ ਚੱਲੀ, ਜਿਸ ਤੋਂ ਇਹ ਜਾਪਦਾ ਹੈ ਕਿ ਜਿਹੜੀ ਐਸਐਲਆਰ ਪ੍ਰਦਰਸ਼ਨਕਾਰੀ ਲੈ ਕੇ ਭੱਜਿਆ ਸੀ ਉਸ ਵਿੱਚੋ ਹੀ ਗੋਲੀ ਚੱਲੀ ਤੇ ਅਜੀਤ ਸਿੰਘ ਦੇ ਲੱਗੀ। ਐਸਆਈਟੀ ਦੇ ਇਸ ਤੱਥ ਪਿੱਛੋ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ ਤੇ ਮਾਮਲੇ ਵਿੱਚ ਵਧੇਰੇ ਸਪੱਸ਼ਟਤਾ ਹੁਣ ਅਦਾਲਤ ਦੀ ਸੁਣਵਾਈ ਵਿੱਚ ਹੋਵੇਗੀ।