ਪਟਿਆਲਾ, 6 ਅਗਸਤ 2023 – ਪੰਜਾਬੀ ਯੂਨੀਵਰਸਿਟੀ ਵਿਖੇ ‘ਇੰਚਾਰਜ, ਕੈਂਪਸ ਸੁਰੱਖਿਆ’ ਵਜੋਂ ਅਮਰਜੀਤ ਸਿੰਘ ਘੁੰਮਣ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸੰਬੰਧੀ ਰੱਖੀ ਗਈ ਵਾਕ-ਇਨ ਇੰਟਰਵਿਊ ਵਿੱਚ ਉਨ੍ਹਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ।
ਅਮਰਜੀਤ ਸਿੰਘ ਘੁੰਮਣ 2020 ਵਿੱਚ ਪੰਜਾਬ ਪੁਲਿਸ ਦੇ ਏ. ਆਈ. ਜੀ. /ਐੱਸ. ਪੀ. ਜ਼ੋਨ (ਕਰਾਈਮ) ਦੇ ਅਹੁਦੇ ਤੋਂ ਰਿਟਾਇਰ ਹੋਏ ਹਨ। 2013 ਵਿੱਚ ਭਾਰਤ ਦੇ ਰਾਸ਼ਟਰਪਤੀ ਤੋਂ ਆਪਣੀਆਂ ਚੰਗੀਆਂ ਸੇਵਾਵਾਂ ਬਦਲੇ ਪੁਲਿਸ ਸੇਵਾ ਮੈਡਲ ਪ੍ਰਾਪਤ ਕਰਨ ਵਾਲ਼ੇ ਅਮਰਜੀਤ ਸਿੰਘ ਘੁੰਮਣ ਮੁੱਖ ਤੌਰ ਉੱਤੇ ਵਿਜੀਲੈਂਸ ਅਤੇ ਕਰਾਈਮ ਨਾਲ਼ ਸੰਬੰਧਤ ਮਹਿਕਮਿਆਂ ਵਿੱਚ ਤਾਇਨਾਤ ਰਹੇ ਹਨ। ਉਨ੍ਹਾਂ ਆਪਣੇ ਕੈਰੀਅਰ ਦੀ ਸ਼ੁਰੂਆਤ 1988 ਵਿੱਚ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਵਜੋਂ ਕੀਤੀ ਸੀ। ਉਹ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਮਹਿੰਦਰਾ ਕਾਲਜ ਦੇ ਵਿਦਿਆਰਥੀ ਰਹੇ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ, ਰਜਿਸਟਰਾਰ ਪ੍ਰੋ. ਨਵਜੋਤ ਕੌਰ ਅਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਪਰੋਵੋਸਟ ਇੰਦਰਜੀਤ ਸਿੰਘ, ਜੋ ਇਨ੍ਹੀਂ ਦਿਨੀਂ ਸੁਰੱਖਿਆ ਵਿਭਾਗ ਦਾ ਕੰਮ ਵੀ ਵੇਖ ਰਹੇ ਸਨ, ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਦਾ ਚਾਰਜ ਸੌਂਪਿਆ ਗਿਆ।