ਦਾ ਐਡੀਟਰ ਨਿਊਜ.ਜਲੰਧਰ —– 12 ਅਗਸਤ ਤੋਂ ਬਿਆਸ ਦਰਿਆ ਵਿੱਚ ਲਾਪਤਾ ਹੋਏ ਦੋ ਸਕੇ ਭਰਾਵਾਂ ਦੇ ਮਾਮਲੇ ਵਿੱਚ ਪੁਲਿਸ ਦੀ ਮੁਸਤੈਦੀ ਇਸ ਕਦਰ ਸਾਹਮਣੇ ਆਈ ਹੈ ਕਿ ਤਿੰਨਾਂ ਦਿਨਾਂ ਵਿੱਚ ਐਸ.ਐਚ.ਓ.ਦੇ ਖਿਲਾਫ ਦਿੱਤੀ ਗਈ ਸ਼ਿਕਾਇਤ 10 ਕਦਮ ਵੀ ਚੱਲ ਨਾ ਸਕੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਾਅਵਿਆਂ ਦੀ ਮੂੰਹ ਚੜਾਉਦੀ ਇਹ ਇੱਕ ਅਜਿਹੀ ਉਦਾਹਰਣ ਬਣਨ ਜਾ ਰਹੀ ਹੈ ਜਿਸਦੀ ਮਿਸਾਲ ਸ਼ਾਇਦ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹੋਵੇਗੀ। ਥਾਣਾ ਡਿਵੀਜਨ ਨੰਬਰ-1 ਵਿੱਚ ਤੈਨਾਤ ਐਸ.ਐਚ.ਓ.ਨਵਦੀਪ ਸਿੰਘ ਦੀ ਹੈਕੜਬਾਜੀ ਤੇ ਬੁਰਛਾਗਰਦੀ ਤੋਂ ਤੰਗ ਆ ਕੇ ਦੋ ਸਕੇ ਭਰਾ ਮਾਨਵਜੀਤ ਸਿੰਘ ਢਿੱਲੋ ਤੇ ਜਸ਼ਨਪ੍ਰੀਤ ਸਿੰਘ ਢਿੱਲੋ ਵੱਲੋਂ ਗੋਇੰਦਵਾਲ ਸਾਹਿਬ ਕੋਲ ਬਿਆਸ ਦਰਿਆ ਵਿੱਚ ਛਾਲ ਮਾਰਨ ਦੇ ਮਾਮਲੇ ਸਬੰਧੀ ਇਨ੍ਹਾਂ ਦੋਵਾਂ ਭਰਾਵਾਂ ਦੇ ਪਰਿਵਾਰ ਵੱਲੋਂ ਜਲੰਧਰ ਵਿੱਚ ਤੈਨਾਤ ਡੀ.ਸੀ.ਪੀ.ਹਰਵਿੰਦਰ ਸਿੰਘ ਵਿਰਕ ਨੂੰ ਇੱਕ ਸ਼ਿਕਾਇਤ ਦੇਣ ਤੋਂ ਬਾਅਦ ਜਦੋਂ ਦਾ ਐਡੀਟਰ ਨਿਊਜ ਵੱਲੋਂ ਡੀ.ਸੀ.ਪੀ. ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਜਾਂਚ ਅੱਗੇ ਏ.ਡੀ.ਸੀ.ਪੀ.ਬਲਵਿੰਦਰ ਸਿੰਘ ਰੰਧਾਵਾ ਨੂੰ ਸੌਂਪੇ ਜਾਣ ਬਾਰੇ ਕਿਹਾ, ਪੁਲਿਸ ਇਸ ਮਾਮਲੇ ਪ੍ਰਤੀ ਕਿੰਨੀ ਗੰਭੀਰ ਹੈ ਇਸ ਗੱਲ ਦਾ ਅੰਦਾਜਾ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਲਗਾਇਆ ਜਾ ਸਕਦਾ ਹੈ, ਜਲੰਧਰ ਪੁਲਿਸ ਕਮਿਸ਼ਨਰ ਦੇ ਦਫਤਰ ਵਿੱਚ ਮਹਿਜ 3 ਦਿਨਾਂ ਵਿੱਚ ਇਹ ਦਰਖਾਸਤ ਏ.ਡੀ.ਸੀ.ਪੀ.ਰੰਧਾਵਾ ਦੇ ਦਫਤਰ ਵਿੱਚ ਪੁੱਜੀ ਹੀ ਨਹੀਂ, ਅੱਜ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਮਾਨਵਜੀਤ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋ ਵੱਲੋਂ ਇਕ ਪ੍ਰੈਸ ਕਾਂਨਫਰੰਸ ਕੀਤੀ ਗਈ, ਜਦੋਂ ਪ੍ਰੈਸ ਕਾਂਨਫਰੰਸ ਵਿੱਚ ਪੁਲਿਸ ਤੇ ਲਗਾਏ ਗਏ ਇਲਜਾਮਾਂ ਸਬੰਧੀ ਤੇ ਪੁਲਿਸ ਦੀ ਜਾਂਚ ਕਿਸ ਪੱਤਣ ਤੇ ਪਹੁੰਚੀ ਬਾਰੇ ਜਾਨਣ ਲਈ ਏ.ਡੀ.ਸੀ.ਪੀ.ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਹੈਰਾਨੀ ਇਸ ਗੱਲ ਦੀ ਹੋਈ ਕਿ 3 ਦਿਨ ਬੀਤ ਜਾਣ ’ਤੇ ਵੀ ਉਨ੍ਹਾਂ ਕੋਲ ਜਾਂਚ ਵਾਲੀ ਦਰਖਾਸਤ ਪੁੱਜੀ ਹੀ ਨਹੀਂ, ਇੱਥੇ ਵਰਨਣਯੋਗ ਹੈ ਕਿ ਡੀ.ਸੀ.ਪੀ.ਵਿਰਕ ਤੇ ਏ.ਡੀ.ਸੀ.ਪੀ.ਰੰਧਾਵਾ ਦਾ ਦਫਤਰ ਜਲੰਧਰ ਵਿੱਚ ਪੁਲਿਸ ਕਮਿਸ਼ਨਰ ਦੇ ਦਫਤਰ ਵਿੱਚ ਹੀ ਮੌਜੂਦ ਹੈ ਜਿਨ੍ਹਾਂ ਦੀ ਦੂਰੀ ਮਹਿਜ 10 ਕਦਮ ਵੀ ਨਹੀਂ ਬਣਦੀ।
ਜਲੰਧਰ ਕਮਿਸ਼ਨਰ ਬੇਵੱਸ
ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇਸ ਮਾਮਲੇ ਵਿੱਚ ਬੇਵੱਸ ਨਜਰ ਆ ਰਹੇ ਹਨ, ਉਹ ਇਸ ਗੱਲ ਤੋਂ ਖਫਾ ਹਨ ਕਿ ਐਸ.ਐਚ.ਓ.ਨਵਦੀਪ ਸਿੰਘ ਲਗਾਤਾਰ ਮੀਡੀਆ ਵਿੱਚ ਬੇਤੁਕੇ ਬਿਆਨ ਦੇ ਰਿਹਾ ਹੈ ਤੇ ਆਪਣੇ ਵੱਲੋਂ ਕੀਤੀ ਗਈ ਘਿਨੌਣੀ ਕਾਰਵਾਈ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਰੋਕੇ ਜਾਣ ਦੇ ਬਾਵਜੂਦ ਵੀ ਉਹ ਲਗਾਤਾਰ ਮੀਡੀਆ ਨੂੰ ਆਪਣੀਆਂ ਸਟੇਟਮੈਟਾਂ ਦੇ ਰਿਹਾ ਹੈ। ਪੁਲਿਸ ਤੇ ਸਰਕਾਰ ਦੀ ਲਾਪ੍ਰਵਾਹੀ ਇਸ ਮਾਮਲੇ ਵਿੱਚ ਇਸ ਕਦਰ ਸਾਹਮਣੇ ਆਈ ਹੈ ਜਿਸਦੀ ਮਿਸਾਲ ਸ਼ਾਇਦ ਹੀ ਕਿਤੇ ਮਿਲਦੀ ਹੋਵੇ ਕਿ ਢਿੱਲੋ ਪਰਿਵਾਰ ਆਪਣੇ ਦੋਵਾਂ ਪੁੱਤਾਂ ਦਾ ਖੁਰਾ-ਖੋਜ ਲੱਭਣ ਲਈ ਆਪਣੇ ਪੱਧਰ ਤੇ ਵੀ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ, ਇਸ ਮਾਮਲੇ ਵਿੱਚ ਨਾ ਤਾਂ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ ਤੇ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਪਰਿਵਾਰ ਦਾ ਹਾਲ ਜਾਨਣ ਲਈ ਪੁੱਜਾ ਹੈ। ਹਾਲਾਂਕਿ ਇਹ ਗੱਲ ਨਿੱਕਲ ਕੇ ਵੀ ਸਾਹਮਣੇ ਆ ਰਹੀ ਹੈ ਕਿ ਨਵਦੀਪ ਸਿੰਘ ਦੀ ਪਿੱਠ ਤੇ ਵਿਧਾਇਕ ਰਮਨ ਅਰੋੜਾ ਥਾਪੜਾ ਮਾਰ ਰਹੇ ਹਨ। ਜਿਕਰਯੋਗ ਹੈ ਕਿ ਮਾਨਵਜੀਤ ਸਿੰਘ ਢਿੱਲੋ ਆਪਣੇ ਇੱਕ ਦੋਸਤ ਦੀ ਭੈਣ ਦੇ ਘਰੇਲੂ ਝਗੜੇ ਦੇ ਸਬੰਧ ਵਿੱਚ ਥਾਣੇ ਗਿਆ ਸੀ ਜਿੱਥੇ ਪੁਲਿਸ ਮੁਲਾਜਿਮਾਂ ਤੇ ਐਸ.ਐਚ.ਓ. ਵੱਲੋਂ ਕਥਿਤ ਤੌਰ ਉੱਪਰ ਦੂਜੀ ਧਿਰ ਦੀ ਸ਼ਹਿ ’ਤੇ ਜਿੱਥੇ ਮਾਨਵਜੀਤ ਨਾਲ ਕੁੱਟਮਾਰ ਕੀਤੀ ਗਈ ਉੱਥੇ ਉਸ ਦੀ ਪੱਗ ਵੀ ਉਤਾਰੀ ਗਈ ਸੀ, ਜਿਸ ਪਿੱਛੋ ਉਸਨੂੰ ਹਵਾਲਾਤ ਵਿੱਚ ਬੰਦ ਕੀਤਾ ਗਿਆ ਸੀ ਤੇ ਅਗਲੇ ਦਿਨ ਉਸਦੀ ਜਮਾਨਤ ਹੋਈ, ਇਸ ਪਿੱਛੋ ਦੋਵੇਂ ਭਰਾ ਜਦੋਂ ਪਿੰਡ ਵੱਲ ਜਾ ਰਹੇ ਸਨ ਤਾਂ ਗੋਇੰਦਵਾਲ ਨਜਦੀਕ ਛੋਟੇ ਭਰਾ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਗੱਡੀ ਰੋਕ ਕੇ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਜਿਸ ਪਿੱਛੋ ਮਾਨਵਜੀਤ ਸਿੰਘ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ ਤੇ ਹਾਲੇ ਤੱਕ ਦੋਵਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਇਆਂ।
ਕਰੀਬ 7 ਦਿਨਾਂ ਬਾਅਦ ਪਹਿਲੀ ਵਾਰ ਪਿਤਾ ਮੀਡੀਆ ਸਾਹਮਣੇ ਆਏ
ਬਿਆਸ ‘ਚ ਛਾਲ ਮਾਰਨ ਵਾਲੇ ਭਰਾਵਾਂ ਦੇ ਪਿਤਾ ਨੇ ਕਰੀਬ 7 ਦਿਨਾਂ ਬਾਅਦ ਮੀਡੀਆ ਸਾਹਮਣੇ ਕੇ ਸਭ ਤੋਂ ਪਹਿਲਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਪਣੇ ਪੁੱਤਰਾਂ ਨੂੰ ਲੱਭਣ ਦੀ ਅਪੀਲ ਕੀਤੀ ਫੇਰ ਉਨ੍ਹਾਂ ਨੇ ਇਸ ਮਾਮਲੇ ‘ਚ ਮੁਲਜ਼ਮ ਮੰਨੇ ਜਾਂਦੇ ਐਸ ਐਚ ਓ ਨੂੰ ਲਾਹਨਤਾਂ ਪਾਈਆਂ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਵੀ ਵੱਡਾ ਪੁੱਤਰ ਮਾਨਵਜੀਤ ਤਾਂ ਦਲੇਰ ਸੀ ਜੋ ਸਭ ਕੁਝ ਸਹਿ ਰਿਹਾ ਸੀ ਪਰ ਜਸ਼ਨਵੀਰ ਥੋੜਾ ਜੇਹਾ ਇਮੋਸ਼ਨਲ ਸੀ ਜੋ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਦਿਲ ‘ਤੇ ਲੈ ਬੈਠਾ। ਹਿਰਾਸਤ ਤੋਂ ਰਿਹਾਈ ਤੋਂ ਬਾਅਦ ਜਸ਼ਨਵੀਰ ਦਰਿਆ ਵੱਲ ਚਲਾ ਗਿਆ ਅਤੇ ਉਸ ਨੇ ਦਰਿਆ ‘ਚ ਛਾਲ ਮਾਰ ਦਿੱਤੀ, ਉਸ ਦੇ ਮਗਰ ਹੀ ਉਸ ਦਾ ਵੱਡਾ ਪੁੱਤ ਜੋ ਉਸ ਨੂੰ ਦੇਖਣ ਗਿਆ ਸੀ ਨੇ ਵੀ ਆਪਣੇ ਭਾਈ ਨੂੰ ਛਾਲ਼ ਮਾਰਦਾ ਦੇਖ ਦਰਿਆ ‘ਚ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਪੁਲਿਸ ਹਿਰਾਸਤ ‘ਚ ਜਦੋਂ ਉਸ ਦੇ ਪੁੱਤਰਾਂ ‘ਤੇ ਤਸ਼ੱਦਦ ਕੀਤਾ ਗਿਆ ਤਾਂ ਉਹ ਉਨ੍ਹਾਂ ਨਾਲ ਨਹੀਂ ਸੀ, ਪਰ ਜੇ ਉਸ ਦੇ ਪੁੱਤਰਾਂ ਨੇ ਇਹ ਕਦਮ ਚੁੱਕਿਆ ਹੈ ਤਾਂ ਉਨ੍ਹਾਂ ਨਾਲ ਜ਼ਰੂਰ ਕੁਝ ਗ਼ਲਤ ਹੋਇਆ ਹੈ, ਚਾਹੇ ਐਸ ਐਚ ਓ ਆਪਣੇ ਆਪ ਨੂੰ ਇਸ ਮਾਮਲੇ ‘ਚ ਬੇਕਸੂਰ ਦੱਸ ਰਿਹਾ ਹੋਵੇ।