ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——- ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਵੱਲੋਂ ਮਾਡਲ ਟਾਊਨ ਸਥਿਤ ਆਪਣੇ ਦਫਤਰ ਵਿੱਚ ਜਨਤਾ ਦਰਬਾਰ ਲਗਾਇਆ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਹਲਕਾ ਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ ਪ੍ਰਤੀ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ, ਇਸ ਮੌਕੇ ਵਿਧਾਇਕ ਰਵਜੋਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਲੋਕਾਂ ਦੇ ਕੰਮ ਜਲਦ ਕਰਨ ਸਬੰਧੀ ਨਿਰਦੇਸ਼ ਦਿੱਤੇ।
ਡਾ. ਰਵਜੋਤ ਨੇ ਕਿਹਾ ਕਿ ਜਿਲ੍ਹੇ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਦੀ ਮਾਰ ਪਈ ਹੈ ਜਿਸ ਕਾਰਨ ਪ੍ਰਸ਼ਾਸ਼ਨਿਕ ਅਧਿਕਾਰੀ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਤੇ ਇਸ ਕਾਰਨ ਲੋਕਾਂ ਦੇ ਕੁਝ ਕੰਮ ਲੇਟ ਵੀ ਹੋ ਸਕਦੇ ਹਨ ਲੇਕਿਨ ਜਲਦ ਹੀ ਹਾਲਾਤ ਠੀਕ ਹੋਣ ਉਪਰੰਤ ਪਹਿਲਾ ਦੀ ਤਰ੍ਹਾਂ ਕੰਮ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 186 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਦਾ ਹੋਰ ਜਾਇਜਾ ਲਗਾ ਕੇ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਸ ਸਮੇਂ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਇਸ ਸਰਕਾਰ ਵੱਲੋਂ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਰਵਜੋਤ ਨੇ ਕਿਹਾ ਕਿ ਜਲਦ ਹੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਜਾਵੇਗੀ। ਇਸ ਮੌਕੇ ਪ੍ਰਦੀਪ ਸੈਣੀ ਪੀ.ਏ., ਹਰਸਿਮਰਨਜੀਤ ਸਿੰਘ ਨਿੱਜੀ ਸਹਾਇਕ, ਹਰਪ੍ਰੀਤ ਸਿੰਘ ਧਾਮੀ ਆਦਿ ਵੀ ਮੌਜੂਦ ਸਨ।