ਦਾ ਐਡੀਟਰ ਨਿਊਜ. ਮੁਕੇਰੀਆ ——- ਪੰਜਾਬ ਸਰਕਾਰ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਹਾਲੇ ਤੱਕ ਕੋਈ ਵੀ ਰਾਹਤ ਫੰਡ ਜਾਰੀ ਨਾ ਕਰਨਾ ਮੰਦਭਾਗਾ ਹੈ ਕਿਉਂਕਿ ਪ੍ਰਭਾਵਿਤ ਹੋਏ ਲੋਕ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਫਸੇ ਹੋਏ ਹਨ ਤੇ ਜੋ ਰਕਮ ਰਾਜ ਦੇ ਦੂਜੇ ਜਿਲਿ੍ਹਆਂ ਲਈ ਜਾਰੀ ਕੀਤੀ ਗਈ ਹੈ ਉਹ ਵੀ ਬਹੁਤ ਘੱਟ ਹੈ ਜਿਸ ਨਾਲ ਲੋਕਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋਵੇਗਾ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁਕੇਰੀਆ ਹਲਕੇ ਦੇ ਇੰਚਾਰਜ ਤੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਵੱਲੋਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਬਿਆਸ ਦਰਿਆ ਵਿੱਚ ਛੱਡੇ ਗਏ ਪਾਣੀ ਕਾਰਨ ਮੁਕੇਰੀਆ, ਦਸੂਹਾ ਤੇ ਟਾਂਡਾ ਖੇਤਰ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਲੇਕਿਨ ਇਸਦੇ ਬਾਵਜੂਦ ਪੰਜਾਬ ਸਰਕਾਰ ਨੇ ਜੋ 186 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਹੈ ਉਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਹੜ੍ਹ ਦੇ ਕਾਰਨ ਲੋਕਾਂ ਦਾ ਜਿੱਥੇ ਵੱਡਾ ਨੁਕਸਾਨ ਹੋਇਆ ਹੈ ਉੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲੋਕਾਂ ਦੇ ਜਖਮਾਂ ਉੱਪਰ ਫੋਟੋ ਸ਼ੂਟ ਕਰਵਾ ਕੇ ਲੂਣ ਭੁੱਕਿਆ ਜਾ ਰਿਹਾ ਹੈ। ਸਰਬਜੋਤ ਸਾਬੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਹੜ੍ਹ ਦਾ ਖਤਰਾ ਫਿਰ ਬਣਿਆ ਹੋਇਆ ਹੈ ਜਿਸ ਪ੍ਰਤੀ ਪ੍ਰਸ਼ਾਸ਼ਨ ਤੇ ਸਰਕਾਰ ਸਿਰਫ ਚੇਤਾਵਨੀਆਂ ਜਾਰੀ ਕਰ ਰਹੇ ਹਨ ਲੇਕਿਨ ਜਮੀਨੀ ਪੱਧਰ ਉੱਪਰ ਲੋਕਾਂ ਦੀ ਮਦਦ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਜਿੱਥੇ ਲੋਕਾਂ ਦੀਆਂ ਫਸਲਾਂ ਖਰਾਬ ਕਰ ਚੁੱਕਾ ਹੈ ਉੱਥੇ ਹੀ ਘਰਾਂ ਵਿੱਚ ਵੜੇ ਪਾਣੀ ਕਾਰਨ ਘਰੇਲੂ ਸਮਾਨ ਵੀ ਖਰਾਬ ਹੋ ਚੁੱਕਾ ਹੈ ਜਿਸ ਕਾਰਨ ਲੋਕਾਂ ਲਈ ਸਰਕਾਰੀ ਰਾਹਤ ਜਲਦ ਤੇ ਬਹੁਤ ਜਰੂਰੀ ਹੈ ਪਰ ਇਸ ਕੰਮ ਵਿੱਚ ਸਰਕਾਰ ਅੱਗੇ ਨਹੀਂ ਵੱਧ ਰਹੀ। ਸਰਬਜੋਤ ਸਾਬੀ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਹਾਲਾਤ ਸੰਭਾਲਣ ਵਿੱਚ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਫੇਲ ਸਾਬਿਤ ਹੋਏ ਹਨ ਤੇ ਇਸ ਦੌਰਾਨ ਸਮਾਜਸੇਵੀ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਵੱਧ ਕੰਮ ਕੀਤਾ ਗਿਆ ਹੈ ਤੇ ਜੇਕਰ ਇਹ ਜਥੇਬੰਦੀਆਂ ਮੈਦਾਨ ਵਿੱਚ ਨਾ ਉੱਤਰਦੀਆਂ ਤਾਂ ਹੜ੍ਹਾਂ ਕਾਰਨ ਹੋਇਆ ਨੁਕਸਾਨ ਹੋਰ ਵੱਧ ਜਾਣਾ ਸੀ। ਉਨ੍ਹਾਂ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜਾ ਜਾਰੀ ਕੀਤਾ ਜਾਣਾ ਚਾਹੀਦਾ ਹੈ ਤੇ ਜੇਕਰ ਮੁਆਵਜਾ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।