ਸੁਖਬੀਰ ਬਾਦਲ ‘ਤੇ ਦੋਸ਼ ਲਾਉਣ ਵਾਲੀ ਵੀਰਪਾਲ ਦਾ ਸੱਚ, ਬਣੀ ਸੀ ਹਿਊਮਨ ਬੰਬ ?
2007 ‘ਚ ਵੀ ਰਹਿ ਚੁੱਕੀ ਹੈ ਵੀਰਪਾਲ ਕੌਰ ਚਰਚਾ ਵਿਚ, ਡੇਰੇ ਦੀ ਸੀ ਕੱਟੜ ਹਮਾਇਤੀ


ਵੀਰਪਾਲ ਕੌਰ ਸਮੇਤ ਪੰਜ ਔਰਤਾਂ ਦੀਆਂ ਤਸਵੀਰਾਂ ਭੇਜੀਆਂ ਸੀ ਪੰਜਾਬ ਦੇ ਸਾਰੇ ਥਾਣਿਆਂ ‘ਚ
ਉਸ ਸਮੇਂ ਪੰਜਾਬ ਪੁਲਿਸ ਨੇ ਕੀਤਾ ਸੀ ਦਾਅਵਾ, ਬਾਦਲ ਪਰਿਵਾਰ ਸੀ ਇਨਾਂ ਦੇ ਨਿਸ਼ਾਨੇ ‘ਤੇ
ਬਰਿਆਣਾ, ਦਾ ਐਡੀਟਰ (ਚੰਡੀਗੜ)। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਲਜਾਮ ਲਗਾਉਣ ਵਾਲੀ ਡੇਰਾ ਪੈਰੋਕਾਰ ਵੀਰਪਾਲ ਕੌਰ ਪਿਛਲੇ ਚਾਰ-ਪੰਜ ਦਿਨਾਂ ਤੋਂ ਚਰਚਾ ਵਿਚ ਹੈ ਜਿਸ ਦੇ ਸਬੰਧ ਵਿਚ ਇਕ ਹੋਰ ਅਹਿਮ ਖੁਲਾਸਾ ਹੋਇਆ ਹੈ ਕਿ ਇਹ ਵੀਰਪਾਲ ਉਨਾਂ ਔਰਤਾਂ ਵਿਚ ਸ਼ਾਮਿਲ ਰਹੀ ਹੈ ਜਿਨਾਂ ‘ਤੇ ਇਸ ਗੱਲ ਦਾ ਆਰੋਪ ਲੱਗਾ ਸੀ ਕਿ ਇਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਲਈ ਹਿਊਮਨ ਬੰਬ ਬਣੀਆਂ ਸੀ ਤੇ ਪੰਜਾਬ ਪੁਲਿਸ ਨੇ ਬਕਾਇਦਾ ਤੌਰ ‘ਤੇ ਇਨਾਂ ਪੰਜਾਂ ਔਰਤਾਂ ਦੀਆਂ ਪੰਜਾਬ ਦੇ ਸਾਰੇ ਥਾਣਿਆਂ ਨੂੰ ਤਸਵੀਰਾਂ ਭੇਜੀਆਂ ਸੀ ਤੇ ਵੀਰਪਾਲ ਕੌਰ ਸਮੇਤ ਬਾਕੀ ਔਰਤਾਂ ਦੀਆਂ ਤਸਵੀਰਾਂ ਹਾਲੇ ਵੀ ਦਿੱਲੀ ਸਥਿਤ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਲੱਗੀਆਂ ਹੋਈਆਂ ਹਨ ਤੇ ਬਾਦਲ ਪਰਿਵਾਰ ਦੀ ਸੁਰੱਖਿਆ ਵਿਚ ਲੱਗੀਆਂ ਹੋਈਆਂ ਤਾਮਾਮ ਸੁਰੱਖਿਆ ਏਜੰਸੀਆਂ ਪਾਸ ਹਾਲੇ ਵੀ ਇਨਾਂ ਔਰਤਾਂ ਦੀਆਂ ਤਸਵੀਰਾਂ ਮੌਜੂਦ ਹਨ ਤੇ ਸੁਰੱਖਿਆ ਕਰ ਰਹੇ ਮੁਲਾਜਿਮਾਂ ਨੂੰ ਇਹ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਇਨਾਂ ਔਰਤਾਂ ਵਿਚੋ ਅਗਰ ਦਿਖਾਈ ਦੇਵੇ ਤਾਂ ਤੁਰੰਤ ਇਸਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇ ਤੇ ਉਕਤ ਔਰਤਾਂ ਨੂੰ ਬਾਦਲ ਪਰਿਵਾਰ ਦੇ ਆਸਪਾਸ ਵੀ ਫਟਕਣ ਨਾ ਦਿੱਤਾ ਜਾਵੇ। ਇਹ ਤਸਵੀਰਾਂ ਪੰਜਾਬ ਪੁਲਿਸ ਨੇ 2007 ਵਿਚ ਜਾਰੀ ਕੀਤੀਆਂ ਸਨ। ਇਸ ਤੋਂ ਇਲਾਵਾ ਵੀਰਪਾਲ ਕੌਰ ਸਮੇਤ 5 ਔਰਤਾਂ ‘ਤੇ 15 ਮਈ 2007 ਨੂੰ ਇੰਡੀਅਨ ਪੀਨਲ ਕੋਡ ਦੀ ਧਾਰਾ-333, 148 ਤੇ 149 ਤਹਿਤ ਮਾਮਲਾ ਸਿਟੀ ਪੁਲਿਸ ਸਟੇਸ਼ਨ ਬਠਿੰਡਾ ਵਿਖੇ ਦਰਜ ਕੀਤਾ ਗਿਆ ਸੀ ਤੇ ਇਨਾਂ ਔਰਤਾਂ ਨੇ ਬਠਿੰਡਾ ਵਿਖੇ 15 ਮਈ ਨੂੰ ਪੁਲਿਸ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ ਸੀ ਤੇ ਸੱਟਾਂ ਮਾਰੀਆਂ ਸਨ ਤੇ ਇਸੇ ਸਬੰਧ ਵਿਚ ਵੀਰਪਾਲ ਕੌਰ, ਗੁਰਚਰਨ ਕੌਰ ਤੇ ਰਾਮਾ ਦੇ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਸਨ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਵੀਰਪਾਲ ਕੌਰ ਫਿਰ ਦੋਬਾਰਾ ਚਰਚਾ ਵਿਚ ਹੈ ਜਦੋਂ ਇਸ ਨੇ ਕੁਝ ਦਿਨ ਪਹਿਲਾ ਨਿਊਜ-18 ਪੰਜਾਬ ਦੀ ਲਾਈਵ ਡਿਵੇਟ ਵਿਚ ਸੁਖਬੀਰ ਸਿੰਘ ਬਾਦਲ ‘ਤੇ ਇਹ ਦੋਸ਼ ਲਗਾ ਕੇ ਖਲਬਲੀ ਮਚਾ ਦਿੱਤੀ ਸੀ ਕਿ ਜਦੋਂ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੇ ਸੰਵਾਂਗ ਰਚਿਆ ਸੀ ਤਦ ਉਸ ਵੱਲੋਂ ਪਹਿਨੀ ਗਈ ਵਿਵਾਦਿਤ ਪੌਸ਼ਾਕ ਸੁਖਬੀਰ ਸਿੰਘ ਬਾਦਲ ਨੇ ਹੀ ਡੇਰਾ ਮੁੱਖੀ ਨੂੰ ਭੇਜੀ ਸੀ, ਜਿਸ ਨੂੰ ਲੈ ਕੇ ਪੰਜਾਬ ਵਿਚ ਡੇਰਾ ਵਿਵਾਦ ਇਕ ਵਾਰ ਫਿਰ ਖੜਾ ਹੋ ਗਿਆ। ਵੀਰਪਾਲ ਕੌਰ ਨੇ ਇਹ ਇਲਜਾਮ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ.ਇੰਟੈਲੀਜੈਂਸ ਰਹੇ ਸ਼ਸ਼ੀਕਾਂਤ ਦੇ ਹਵਾਲੇ ਨਾਲ ਲਗਾਏ ਸਨ ਜਦੋਂ ਕਿ ਇਸਦੇ ਤੁਰੰਤ ਬਾਅਦ ਸ਼ਸ਼ੀਕਾਂਤ ਨੇ ਇਹ ਗੱਲ ਸਾਫ ਕਰ ਦਿੱਤੀ ਸੀ ਕਿ ਉਨਾਂ ਨੇ ਇਸ ਤਰਾਂ ਦੀ ਕਦੇ ਵੀ ਕੋਈ ਸਟੇਟਮੈਂਟ ਨਹੀਂ ਦਿੱਤੀ ਸੀ। ਇਸ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਨਿਊਜ-18 ਪੰਜਾਬ ਤੇ ਵੀਰਪਾਲ ਕੌਰ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਵੀ ਭੇਜਿਆ ਸੀ।
ਸਾਨੂੰ ਝੂਠਾ ਬਦਨਾਮ ਕੀਤਾ ਗਿਆ-ਵੀਰਪਾਲ ਕੌਰ
ਇਸ ਮਾਮਲੇ ਸਬੰਧੀ ਜਦੋਂ ਡੇਰਾ ਪੈਰੋਕਾਰ ਵੀਰਪਾਲ ਕੌਰ ਨਾਲ ‘ਦਾ ਐਡੀਟਰ’ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਹਿਊਮਨ ਬੰਬ ਬਣਨ ਵਾਲੇ ਮਾਮਲੇ ਵਿਚ ਉਸ ਸਮੇਂ ਸਾਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ ਕਿਉਂਕਿ ਅਸੀਂ ਡੇਰੇ ਦੇ ਮੁੱਖ ਪ੍ਰਬੰਧਕਾਂ ਵਿਚ ਸ਼ਾਮਿਲ ਸੀ। ਉਨਾਂ ਕਿਹਾ ਕਿ ਇਸ ਤਰਾਂ ਦੀਆਂ ਖਬਰਾਂ ਕੁਝ ਮੀਡੀਆ ਰਿਪੋਰਟ ਵਿਚ ਪ੍ਰਕਾਸ਼ਿਤ ਹੋਈਆਂ ਸਨ ਜਿਸ ਵਿਚ ਸਾਨੂੰ ਹਿਊਮਨ ਬੰਬ ਦੱਸਿਆ ਗਿਆ ਸੀ ਜਦੋਂ ਕਿ ਹਿਊਮਨ ਬੰਬ ਹੋਣ ਸਬੰਧੀ ਕੋਈ ਮਾਮਲਾ ਸਾਡੇ ਖਿਲਾਫ ਦਰਜ ਹੀ ਨਹੀਂ ਹੋਇਆ ਸੀ। ਉਨਾਂ ਇਸ ਗੱਲ ਦੀ ਪੁਸ਼ਟੀ ਜਰੂਰ ਕੀਤੀ ਕਿ ਸਾਨੂੰ ਹਿਊਮਨ ਬੰਬ ਦੱਸ ਕੇ ਸਾਡੀਆਂ ਤਸਵੀਰਾਂ ਥਾਣਿਆਂ ਵਿਚ ਲਗਾਈਆਂ ਗਈਆਂ ਸਨ ਤੇ ਨਾਲ ਹੀ ਉਸ ਸਾਲ ਦੀ ਜਿਕਰ ਕਰਦਿਆ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਸਮੇਂ ਦੇ ਡੀ.ਜੀ.ਪੀ. ਪੰਜਾਬ ਪੁਲਿਸ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਨਾਂ ਦੀ ਅਜਿਹੀ ਕੋਈ ਭੂਮਿਕਾ ਨਜਰ ਨਹੀਂ ਆਈ। ਵੀਰਪਾਲ ਨੇ ਕਿਹਾ ਕਿ ਉਸ ਸਮੇਂ ਸਾਡੇ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਗਏ ਸਨ, ਜਿਨਾਂ ਦੇ ਪੁਲਿਸ ਹੁਣ ਤੱਕ ਚਾਲਾਨ ਪੇਸ਼ ਨਹੀਂ ਕਰ ਸਕੀ। ਉਨਾਂ ਕਿਹਾ ਕਿ ਮੈਂ ਸਰਕਾਰੀ ਅਧਿਆਪਕ ਹਾਂ ਤੇ ਹਿਊਮਨ ਬੰਬ ਬਣਨ ਬਾਰੇ ਸੋਚ ਵੀ ਨਹੀਂ ਸਕਦੀ।
ਵੀਰਪਾਲ ਕੌਰ ‘ਤੇ ਪੁਲਿਸ ਜਲਦ ਦਰਜ ਕਰੇ ਮਾਮਲਾ-ਸਰਬਜੋਤ ਸਾਬੀ
ਇਸ ਸਬੰਧੀ ਯੂਥ ਅਕਾਲੀ ਦਲ ਦੇ ਜਨਰਲ ਸੈਕਟਰੀ ਸਰਬਜੋਤ ਸਿੰਘ ਸਾਬੀ ਨੇ ‘ਦਾ ਐਡੀਟਰ’ ਨਾਲ ਗੱਲ ਕਰਦਿਆ ਕਿਹਾ ਕਿ ਵੀਰਪਾਲ ਕੌਰ ਨੇ ਕਿਸੇ ਸਾਜਿਸ਼ ਦਾ ਹਿੱਸਾ ਬਣ ਕੇ ਸੁਖਬੀਰ ਸਿੰਘ ਬਾਦਲ ‘ਤੇ ਇਲਜਾਮ ਲਗਾਏ ਹਨ ਤੇ ਹੁਣ ਵਿਰੋਧੀ ਪਾਰਟੀਆਂ ਉਸ ਔਰਤ ਦੇ ਕਹਿਣ ‘ਤੇ ਸੁਖਬੀਰ ਬਾਦਲ ‘ਤੇ ਇਲਜਾਮ ਲਗਾ ਰਹੀਆਂ ਹਨ ਜਿਹੜੀ ਔਰਤ ਖੁਦ ਇਕ ਕਥਿਤ ਹਿਊਮਨ ਬੰਬ ਬਣੀ ਹੋਵੇ। ਉਨਾਂ ਕਿਹਾ ਕਿ ਵੀਰਪਾਲ ਕੌਰ ‘ਤੇ ਇਸ ਗੱਲ ਲਈ ਵੀ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਸ ਨੇ ਰਾਮ ਰਹੀਮ ਦੇ ਨਕਸ਼ੇ ਕਦਮ ‘ਤੇ ਚੱਲਦਿਆ ਇਕ ਉਹ ਬੱਜਰ ਗਲਤੀ ਕੀਤੀ ਹੈ ਜਿਸ ਵਿਚ ਉਸ ਨੇ ਰਾਮ ਰਹੀਮ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਕਰ ਦਿੱਤੀ ਹੈ।
ਫੋਟੋ -ਵੀਰਪਾਲ ਤੇ ਚਾਰ ਹੋਰ ਔਰਤਾਂ ਦੀਆਂ ਉਹ ਤਸਵੀਰਾਂ ਜੋ ਕਿ ਸਾਲ 2007 ਵਿਚ ਪੁਲਿਸ ਥਾਣਿਆਂ ਵਿਚ ਲਗਾਈਆਂ ਗਈਆਂ ਸਨ।