ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਵਲੋਂ ਐੱਸ. ਜੀ. ਪੀ. ਸੀ. ਦੀਆਂ ਨਵੀਆਂ ਬਣੀਆਂ ਵੋਟਾਂ ‘ਚ ਹੋਈ ਵੱਡੀ ਧਾਂਦਲੀ ਦੇ ਮੁੱਦੇ ‘ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਫਰਜ਼ੀ ਵੋਟਾਂ ਬਣਾਉਣ ਦੀ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਿੱਖ ਧਰਮ ਦਾ ਗਿਆਨ ਹੀ ਨਹੀਂ ਹੈ, ਜੇਕਰ ਉਹ ਅੱਗੇ ਆ ਜਾਂਦੇ ਹਨ ਤਾਂ ਫਿਰ ਇਸ ਤੋਂ ਵੱਡਾ ਧੱਕਾ ਕੌਮ ਨਾਲ ਹੋਰ ਕੁੱਝ ਨਹੀਂ ਹੋ ਸਕਦਾ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰੀ ਦਖ਼ਲ-ਅੰਦਾਜ਼ੀ ਨਾਲ ਸਿੱਖ ਸੰਸਥਾਵਾਂ ਨੂੰ ਖੋਹਣ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੋਟਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ, ਅਸੀਂ ਉਦੋਂ ਵੀ ਗੁਰਦੁਆਰਾ ਚੋਣ ਕਮਿਸ਼ਨਰ ਕੋਲ ਆਏ ਸੀ। ਉਦੋਂ ਸਾਡੀ ਸ਼ਿਕਾਇਤ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਸਹੀ ਵੋਟਾਂ ਰਜਿਸਟਰਡ ਹੋਣ। ਉਨ੍ਹਾਂ ਕਿਹਾ ਕਿ ਧਰਮ ਦਾ ਆਪਣਾ ਮਸਲਾ ਹੈ, ਸਿੱਖ ਧਰਮ ਵਿੱਚ ਮੁੰਡੇ ਦੇ ਨਾਂ ਪਿੱਛੇ ‘ਸਿੰਘ’ ਅਤੇ ਕੁੜੀ ਦੇ ਨਾਂ ਪਿੱਛੇ ‘ਕੌਰ’ ਲਗਾਇਆ ਜਾਂਦਾ ਹੈ ਪਰ ਵੋਟਰ ਸੂਚੀਆਂ ‘ਚ ਵੋਟਾਂ ਦੇ ਪਿਛੇ ਸਿੰਘ ਜਾਂ ਕੌਰ ਨਹੀਂ ਲਗਾਇਆ ਜਾਂਦਾ। ਇਸ ਲਈ ਅਸੀਂ ਸਾਰੀਆਂ ਵੋਟਾਂ ਦੀ ਨਿਰਪੱਖ ਪੜਤਾਲ ਕਰਵਾਉਣ ਲਈ ਕਿਹਾ ਹੈ।