– ਟਰੈਕਟਰ ਨੇ ਬਾਈਕ ਨੂੰ ਟੱਕਰ ਮਾਰੀ
ਦਾ ਐਡੀਟਰ ਨਿਊਜ਼, ਬਰਨਾਲਾ ——- ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਵਿੱਚ ਬਾਜਾਖਾਨਾ ਰੋਡ ’ਤੇ ਵਾਪਰੇ ਇੱਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਹਾਦਸਾ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਨੇੜੇ ਇੱਕ ਟਰੈਕਟਰ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਦੌਰਾਨ ਵਾਪਰਿਆ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਵਾਸੀ ਪਿੰਡ ਗੁਰੂਸਰ (ਬਠਿੰਡਾ) ਅਤੇ ਤਰਨਪ੍ਰੀਤ ਸਿੰਘ ਵਾਸੀ ਭਗਤਾ ਭਾਈ (ਬਠਿੰਡਾ) ਦੋਵੇਂ ਅਕਾਲ ਅਕੈਡਮੀ ਭਦੌੜ ਦੇ 12ਵੀਂ ਜਮਾਤ ਦੇ ਵਿਦਿਆਰਥੀ ਸਨ। ਸਕੂਲ ਵਿੱਚ ਗੁਰੂਪੁਰਬ ਧੂਮਧਾਮ ਨਾਲ ਮਨਾਇਆ ਗਿਆ। ਦੋਵੇਂ ਵਿਦਿਆਰਥੀ ਆਪਣੀ ਡਿਊਟੀ ਵਿਚ ਲੱਗੇ ਹੋਏ ਸਨ।
ਦੁਪਹਿਰ ਸਮੇਂ ਦੋਵੇਂ ਸਕੂਲ ਤੋਂ ਛੁੱਟੀ ਲੈ ਕੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ। ਜਦੋਂ ਉਹ ਮੀਰੀ ਪੀਰੀ ਖਾਲਸਾ ਕਾਲਜ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੈਕਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਵੇਂ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਦੋਵਾਂ ਵਿਦਿਆਰਥੀਆਂ ਦੀ ਮੌਤ ਹੋ ਗਈ।
ਪ੍ਰਿੰਸੀਪਲ ਮੈਡਲ ਪ੍ਰੀਤੀ ਗਰੋਵਰ ਅਤੇ ਜਸਵੰਤ ਸਿੰਘ ਸੈਣਾ ਸਮੇਤ ਅਕਾਲ ਅਕੈਡਮੀ ਦੇ ਸਮੁੱਚੇ ਸਟਾਫ਼ ਨੇ ਇਸ ਮੰਦਭਾਗੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਥਾਣਾ ਭਦੌੜ ਦੇ ਏਐਸਆਈ ਕਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੈਕਟਰ ਚਾਲਕ ਭਜਨ ਸਿੰਘ ਭਦੌੜ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।