ਦਾ ਐਡੀਟਰ ਨਿਊਜ਼, ਲੁਧਿਆਣਾ ——- ਲੁਧਿਆਣਾ ਵਿਚ ਇਕ ਹੋਰ ਸ਼ਿਵ ਸੈਨਾ ਆਗੂ ਦੇ ਘਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ। ਬੀਤੀ ਰਾਤ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਨਾ ਦੇ ਘਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਇਸ ਵਿਚ ਇਕ ਮੋਟਰ ਸਾਈਕਲ ‘ਤੇ ਆਏ 3 ਨੌਜਵਾਨ ਕੱਚ ਦੀ ਬੋਤਲ ਵਿਚ ਪੈਟਰੋਲ ਭਰ ਕੇ ਘਰ ‘ਤੇ ਸੁੱਟਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਮੁਤਾਬਕ ਸ਼ਿਵ ਸੈਨਾ ਹਿੰਦ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਦੇ ਘਰ ‘ਤੇ ਬੀਤੀ ਰਾਤ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ 3 ਨੌਜਵਾਨ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਉਂਦੇ ਹਨ ਤੇ ਉਨ੍ਹਾਂ ਵਿਚੋਂ ਇਕ ਮੋਟਰਸਾਈਕਲ ਤੋਂ ਉਤਰ ਕੇ ਘਰ ‘ਤੇ ਪੈਟਰੋਲ ਬੰਬ ਸੁੱਟ ਦਿੰਦਾ ਹੈ। ਪੈਟਰੋਲ ਬੰਬ ਘਰ ਦੇ ਮੁੱਖ ਗੇਟ ‘ਤੇ ਸੁੱਟਿਆ ਗਿਆ, ਜਿਸ ਨਾਲ ਧਮਾਕੇ ਮਗਰੋਂ ਅੱਗ ਦੇ ਭਾਂਬੜ ਮੱਚ ਗਏ।
ਇਸ ਦੇ ਨਾਲ ਹੀ ਹਰਕੀਰਤ ਸਿੰਘ ਨੂੰ ਹਮਲੇ ਮਗਰੋਂ ਅੱਜ ਇਕ ਵਾਰ ਫ਼ਿਰ ਧਮਕੀ ਭਰੇ ਮੈਸੇਜ ਆਏ ਹਨ। ਸ਼ਿਵ ਸੈਨਾ ਆਗੂ ਨੂੰ ਵਟਸਐਪ ‘ਤੇ ਭੇਜੇ ਗਏ ਮੈਸੇਜ ਵਿਚ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਜਿਸ ਵਿਚ ਮਾਵਾਂ ਭੈਣਾਂ ਲਈ ਮੰਦੀ ਭਾਸ਼ਾ ਦਾ ਇਸਤੇਮਾਲ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ। ਇਸ ਸਭ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਭਾਰਤੀ ਦੇ ਆਗੂ ਯੋਗੇਸ਼ ਬਖ਼ਸ਼ਸ਼ੀ ਦੇ ਘਰ ‘ਤੇ ਵੀ ਪੈਟਰੋਲ ਬੰਬ ਸੁੱਟਿਆ ਗਿਆ ਸੀ।