ਦਾ ਐਡੀਟਰ ਨਿਊਜ. ਹੁਸ਼ਿਆਰਪੁਰ ———– ਵਿਧਾਨ ਸਭਾ ਹਲਕਾ ਚੱਬੇਵਾਲ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਆਪ, ਕਾਂਗਰਸ ਤੇ ਭਾਜਪਾ ਉਮੀਦਵਾਰਾਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ, ਲੰਘੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਉਮੀਦਵਾਰ ਡਾ. ਇਸ਼ਾਂਕ ਚੱਬੇਵਾਲ ਦੇ ਹੱਕ ਵਿੱਚ ਹਲਕੇ ਅੰਦਰ ਰੈਲੀ ਵੀ ਕਰਕੇ ਗਏ ਹਨ ਤੇ ਇਸ ਦੌਰਾਨ ਕੁਝ ਸਮਾਂ ਪਹਿਲਾ ਪਾਰਟੀ ਹਾਈਕਮਾਂਡ ਤੋਂ ਨਰਾਜ਼ ਹੋਏ ਹਰਮਿੰਦਰ ਸੰਧੂ ਨੂੰ ਵੀ ਸਟੇਜ ਉੱਪਰ ਥਾਂ ਦੇ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਆਪ ਅੰਦਰ ਸਭ ਕੁਝ ਠੀਕ ਹੈ ਲੇਕਿਨ ਡਾ. ਇਸ਼ਾਂਕ ਚੱਬੇਵਾਲ ਦੇ ਕਵਰਿੰਗ ਉਮੀਦਵਾਰ ਖੁਦ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਬਣਨਾ ਸਿਆਸੀ ਸਫਾਂ ਅੰਦਰ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਜ਼ਿਮਨੀ ਚੋਣ ਲੜ ਰਹੇ ਪੁੱਤਰ ਇਸ਼ਾਂਕ ਕੁਮਾਰ ਦੇ ਕਵਰਿੰਗ ਉਮੀਦਵਾਰ ਪਿਤਾ ਰਾਜ ਕੁਮਾਰ ਵੱਲੋਂ ਪਰਿਵਾਰ ਦੇ ਕਿਸੇ ਹੋਰ ਜੀਅ ਜਾਂ ਨਜ਼ਦੀਕੀ ਨੂੰ ਨਾ ਬਣਾਉਣਾ ਇਸ ਕੈਂਪ ਅੰਦਰ ਬੇਭਰੋਸਗੀ ਦੀ ਅੱਗ ਨੂੰ ਹਵਾ ਦੇ ਰਿਹਾ ਹੈ। ਸਿਆਸੀ ਹਲਕਿਆਂ ਅੰਦਰ ਇਹ ਚਰਚਾ ਚੱਲ ਰਹੀ ਹੈ ਕਿ ਪਹਿਲਾ ਜਦੋਂ ਵੀ ਡਾ. ਰਾਜ ਕੁਮਾਰ ਚੱਬੇਵਾਲ ਚੋਣ ਲੜਦੇ ਰਹੇ ਹਨ ਤਦ ਇਨ੍ਹਾਂ ਦੀ ਕਵਰਿੰਗ ਉਮੀਦਵਾਰ ਭਰਾ ਜਤਿੰਦਰ ਦੀ ਪਤਨੀ ਨੂੰ ਬਣਾਇਆ ਜਾਂਦਾ ਰਿਹਾ ਲੇਕਿਨ ਇਸ ਵਾਰ ਡਾ. ਇਸ਼ਾਂਕ ਦੇ ਕਵਰਿੰਗ ਉਮੀਦਵਾਰ ਚਾਚੇ ਜਾਂ ਚਾਚੀ ਨੂੰ ਨਾ ਬਣਾਉਣਾ ਇਸ ਗੱਲ ਵੱਲ ਵੀ ਸੰਕੇਤ ਹੈ ਕਿ ਚੱਬੇਵਾਲ ਪਰਿਵਾਰ ਅੰਦਰ ਸਭ ਕੁਝ ਕੀ ਠੀਕ ਹੈ ਜਾਂ ਨਹੀਂ। ਜਦੋਂ ਤੱਕ ਆਪ ਵੱਲੋਂ ਡਾ. ਇਸ਼ਾਂਕ ਦੀ ਉਮੀਦਵਾਰੀ ਉੱਪਰ ਮੋਹਰ ਨਹੀਂ ਲਗਾਈ ਗਈ ਸੀ ਤਦ ਤੱਕ ਜਤਿੰਦਰ ਕੁਮਾਰ ਚੱਬੇਵਾਲ ਨੂੰ ਆਪ ਦੇ ਤਕੜੇ ਉਮੀਦਵਾਰ ਵਜ੍ਹੋਂ ਦੇਖਿਆ ਜਾ ਰਿਹਾ ਸੀ ਤੇ ਉਹ ਲਗਾਤਾਰ ਚੱਬੇਵਾਲ ਵਿੱਚ ਬਣਾਏ ਪਾਰਟੀ ਦਫਤਰ ਵਿੱਚ ਲੋਕਾਂ ਦੇ ਸੰਪਰਕ ਵਿੱਚ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਵੀ ਦਿਖਾਈ ਦਿੱਤੇ ਗਏ ਲੇਕਿਨ ਬਾਅਦ ਵਿੱਚ ਟਿਕਟ ਜਤਿੰਦਰ ਕੁਮਾਰ ਨੂੰ ਨਹੀਂ ਮਿਲੀ। ਹਲਕੇ ਅੰਦਰ ਚਰਚਾ ਹੈ ਕਿ ਭਰਾ ਦਾ ਪਿਆਰ ਤੇ ਵਫਾਦਾਰੀ ਪੁੱਤਰ ਮੋਹ ਅੱਗੇ ਹੌਲੀ ਪੈ ਗਈ ਹੈ।
ਭਾਜਪਾ ਉਮੀਦਵਾਰ ਦਾ ਅਕਾਲੀਆਂ ਵੱਲੋਂ ਵਿਰੋਧ
ਨਾਟਕੀ ਢੰਗ ਨਾਲ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸੋਹਣ ਸਿੰਘ ਠੰਡਲ ਦੇ ਵਿਰੋਧ ਵਿੱਚ ਹਲਕਾ ਚੱਬੇਵਾਲ ਦੀ ਅਕਾਲੀ ਲੀਡਰਸ਼ਿਪ ਇਕਜੁੱਟ ਹੈ ਤੇ ਠੰਡਲ ਦਾ ਲਗਾਤਾਰ ਅਕਾਲੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਲੰਘੇ ਦਿਨ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਵੱਲੋਂ ਚੱਬੇਵਾਲ ਵਿਖੇ ਸੋਹਣ ਸਿੰਘ ਠੰਡਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਦੂਜੇ ਪਾਸੇ ਜਿਲ੍ਹੇ ਦੇ ਭਾਜਪਾ ਆਗੂ ਠੰਡਲ ਦੀ ਸਲਾਭੀ ਪਈ ਸਿਆਸੀ ਗੋਲੀ ਵਿੱਚ ਨਵਾਂ ਬਾਰੂਦ ਭਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ, ਹੁਣ ਇਹ ਸਮਾਂ ਦੱਸੇਗਾ ਕਿ ਪੁਰਾਣੀ ਗੋਲੀ ਵਿੱਚ ਭਾਜਪਾ ਵੱਲੋਂ ਭਰੇ ਜਾਣ ਵਾਲੇ ਨਵੇਂ ਬਾਰੂਦ ਦਾ ਸਿਆਸੀ ਧਮਾਕਾ ਕਿੰਨਾ ਵੱਡਾ ਹੁੰਦਾ ਹੈ।
ਕਾਂਗਰਸ ਦੀ ਚੋਣ ਮੁਹਿੰਮ ਸੁੰਦਰ ਸ਼ਾਮ ਅਰੋੜਾ ਹੱਥ
ਕਾਂਗਰਸ ਉਮੀਦਵਾਰ ਰਣਜੀਤ ਕੁਮਾਰ ਦੀ ਚੋਣ ਮੁਹਿੰਮ ਕਾਂਗਰਸ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੰਭਾਲੀ ਹੋਈ ਹੈ ਤੇ ਇਸ ਤਹਿਤ ਅਰੋੜਾ ਪੂਰਾ-ਪੂਰਾ ਦਿਨ ਚੱਬੇਵਾਲ ਹਲਕੇ ਵਿੱਚ ਮੀਟਿੰਗਾਂ ਕਰਦੇ ਦਿਖਾਈ ਦੇ ਰਹੇ ਹਨ। ਜਿਕਰਯੋਗ ਹੈ ਕਿ ਰਣਜੀਤ ਕੁਮਾਰ ਨੂੰ ਕਾਂਗਰਸ ਦੀ ਟਿਕਟ ਦਿਵਾਉਣ ਵਿੱਚ ਵੀ ਸੁੰਦਰ ਸ਼ਾਮ ਅਰੋੜਾ ਨੇ ਮੋਹਰੀ ਭੂਮਿਕਾ ਨਿਭਾਈ ਹੈ, ਇਸ ਲਈ ਉਨ੍ਹਾਂ ਨੇ ਇਸ ਚੋਣ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਹੈ।