ਦਾ ਐਡੀਟਰ ਨਿਊਜ਼, ਗੁਰਦਾਸਪੁਰ ——- ਬਟਾਲਾ ਦੇ ਪਿੰਡ ਸੱਖੋਵਾਲ ਨੇੜੇ ਬਾਈਕ ਤੇ ਕਾਰ ਦੀ ਟੱਕਰ ‘ਚ ਡੀ.ਐਸ.ਪੀ ਸ੍ਰੀ ਹਰਗੋਬਿੰਦਪੁਰ ਦੇ ਰੀਡਰ ਸਮੇਤ ਤਿੰਨ ਦੀ ਮੌਤ ਹੋ ਗਈ ਅਤੇ ਇੱਕ ਔਰਤ ਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਕਾਰਵਾਈ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸ੍ਰੀ ਹਰਗੋਬਿੰਦਪੁਰ ਹਰੀਕ੍ਰਿਸ਼ਨ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਪਿੰਡ ਸੱਖੋਵਾਲ ਨੇੜੇ ਨਾਇਬ ਰੀਡਰ ਬਲਦੇਵ ਸਿੰਘ ਬਟਾਲਾ ਬਾਈਕ ‘ਤੇ ਆ ਰਹੇ ਸਨ। ਜਦੋਂ ਕਿ ਸਾਹਮਣੇ ਤੋਂ ਇੱਕ ਕਾਰ ਤੇਜ਼ ਰਫਤਾਰ ਨਾਲ ਆ ਰਹੀ ਸੀ। ਇਸ ਦੌਰਾਨ ਕਾਰ ਨੇ ਸੜਕ ‘ਤੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਅਤੇ ਬਾਅਦ ‘ਚ ਇਕ ਹੋਰ ਬਾਈਕ ਜਿਸ ‘ਤੇ ਹਰਜੀਤ ਸਿੰਘ ਆਪਣੀ ਪਤਨੀ ਪਲਵਿੰਦਰ ਕੌਰ ਨਾਲ ਜਾ ਰਿਹਾ ਸੀ, ਨੂੰ ਟੱਕਰ ਮਾਰ ਦਿੱਤੀ, ਅਤੇ ਇਸ ਤੋਂ ਬਾਅਦ ਡੀਐਸਪੀ ਸ੍ਰੀ ਹਰਗੋਬਿੰਦਪੁਰ ਦੇ ਨਾਇਬ ਰੀਡਰ ਬਲਦੇਵ ਸਿੰਘ ਦੀ ਬਾਈਕ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਇਸ ਦੁਰਘਟਨਾ ਦੌਰਾਨ ਦੌਰਾਨ ਪੈਦਲ ਜਾ ਰਹੇ ਜੁਗਰਾਜ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੱਖੋਵਾਲ ਅਤੇ ਬਾਈਕ ਸਵਾਰ ਨਾਇਬ ਰੀਡਰ ਬਲਦੇਵ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੰਜ ਗਰਾਈਆਂ ਦੇ ਨਾਲ ਦੂਜੇ ਬਾਈਕ ਸਵਾਰ ਹਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਧਾਰੀਵਾਲ ਸੋਹੀਆਂ ਦੀ ਮੌਤ ਹੋ ਗਈ | ਜਦਕਿ ਹਰਜੀਤ ਸਿੰਘ ਦੇ ਪਿੱਛੇ ਬੈਠੀ ਉਸ ਦੀ ਪਤਨੀ ਪਲਵਿੰਦਰ ਕੌਰ ਜ਼ਖਮੀ ਹੋ ਗਈ। ਸਬੰਧਤ ਥਾਣਾ ਘੁਮਾਣ ਦੀ ਪੁਲਸ ਨੇ ਮਾਮਲੇ ਦੀ ਸ਼ੁਰੂ ਕਰ ਦਿੱਤੀ ਹੈ।