ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਅਕਾਲੀ ਦਲ ਦੇ 4 ਵਾਰ ਦੇ ਵਿਧਾਇਕ ਰਹੇ ਤੇ ਪਿਛਲੀਆਂ 2 ਵਿਧਾਨ ਸਭਾ ਚੋਣਾ ਬੁਰੀ ਤਰ੍ਹਾਂ ਹਾਰਨ ਵਾਲੇ ਸੀਨੀਅਰ ਆਗੂ ਸੋਹਣ ਸਿੰਘ ਠੰਡਲ ਅੱਜ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਗਏ, ਭਾਜਪਾ ਵਿੱਚ ਠੰਡਲ ਤੇ ਉਨ੍ਹਾਂ ਦੇ ਬੇਟੇ ਦਾ ਸਵਾਗਤ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੇ ਇੰਚਾਰਜ ਵਿਜੇ ਰੁਪਾਨੀ ਵੱਲੋਂ ਕੀਤਾ ਗਿਆ। ਸੋਹਣ ਸਿੰਘ ਠੰਡਲ 1997 ਤੋਂ ਲੈ ਕੇ 2012 ਤੱਕ ਲਗਾਤਾਰ 4 ਚੋਣਾਂ ਜਿੱਤੇ, ਪਹਿਲੀਆਂ ਤਿੰਨ ਜਿੱਤਾਂ ਇਨ੍ਹਾਂ ਵੱਲੋਂ ਵਿਧਾਨ ਸਭਾ ਹਲਕਾ ਮਾਹਿਲਪੁਰ ਤੋਂ ਪ੍ਰਾਪਤ ਕੀਤੀਆਂ ਗਈਆਂ ਤੇ ਆਖਿਰੀ ਜਿੱਤ 2012 ਵਿਚ ਨਵੇਂ ਬਣਾਏ ਗਏ ਹਲਕੇ ਚੱਬੇਵਾਲ ਤੋਂ ਪ੍ਰਾਪਤੀ ਹੋਈ ਲੇਕਿਨ ਇਸ ਉਪਰੰਤ 2017 ਤੇ 2022 ਦੀ ਚੋਣ ਵਿੱਚ ਇਹ ਕਾਂਗਰਸ ਤੋਂ ਪੱਛੜ ਗਏ, ਇਸ ਤਰ੍ਹਾਂ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਨੂੰ ਹਲਕਾ ਚੱਬੇਵਾਲ ਸਿਆਸੀ ਤੌਰ ਉੱਪਰ ਰਾਸ ਨਹੀਂ ਆਇਆ। ਅਕਾਲੀ ਦਲ ਦੇ ਸੂਤਰਾਂ ਦੀ ਮੰਨੀਏ ਤਾਂ ਸੋਹਣ ਸਿੰਘ ਠੰਡਲ ਹੁਣ ਚੱਬੇਵਾਲ ਹਲਕੇ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਆਪਣੇ ਪੁੱਤਰ ਰਵਿੰਦਰ ਠੰਡਲ ਲਈ ਪਾਰਟੀ ਤੋਂ ਟਿਕਟ ਦੀ ਮੰਗ ਕਰ ਰਹੇ ਸਨ ਲੇਕਿਨ ਪਾਰਟੀ ਲੀਡਰਸ਼ਿਪ ਵੱਲੋਂ ਇਨ੍ਹਾਂ ਦੇ ਟਿਕਟ ਪ੍ਰਤੀ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਕਿਉਂਕਿ 2017 ਦੀ ਚੋਣ ਵਿੱਚ ਠੰਡਲ 28596 ਵੋਟਾਂ ਲੈ ਕੇ ਦੂਸਰੇ ਨੰਬਰ ’ਤੇ ਆਏ ਸਨ ਪਰ 2022 ਦੀ ਚੋਣ ਵਿੱਚ ਇਹ ਤੀਜੇ ਨੰਬਰ ਤੱਕ ਖਿਸਕ ਗਏ ਤੇ ਇਨ੍ਹਾਂ ਨੂੰ ਮਹਿਜ 19329 ਵੋਟਾਂ ਹੀ ਮਿਲੀਆਂ ਜਦੋਂ ਕਿ ਉਸ ਸਮੇਂ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਰਾਜ ਕੁਮਾਰ ਚੱਬੇਵਾਲ ਨੂੰ 47375 ਵੋਟਾਂ ਮਿਲੀਆਂ ਜਿਨ੍ਹਾਂ ਨੇ ਜਿੱਤ ਦਰਜ ਕੀਤੀ ਸੀ ਤੇ ਆਪ ਦੇ ਹਰਮਿੰਦਰ ਸੰਧੂ ਨੂੰ ਤਦ 39729 ਵੋਟਾਂ ਮਿਲੀਆਂ ਸਨ। ਸਿਆਸੀ ਸੂਤਰਾਂ ਮੁਤਾਬਿਕ ਸੋਹਣ ਸਿੰਘ ਠੰਡਲ ਦੇ ਸਿਆਸੀ ਨਿਘਾਰ ਵਿੱਚ ਪੁੱਤਰ ਰਵਿੰਦਰ ਠੰਡਲ ਦੀਆਂ ਕੁਝ ਕਾਰਵਾਈਆਂ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਨ੍ਹਾਂ ਕਾਰਨ ਪਾਰਟੀ ਅੰਦਰ ਇਨ੍ਹਾਂ ਦਾ ਕੱਦ ਘਟਿਆ, ਕੁਝ ਸਮਾਂ ਪਹਿਲਾ ਪੰਜਾਬ ਦੇ ਇੱਕ ਵੱਡੇ ਪੁਲਿਸ ਅਫਸਰ ਦੀ ਮਹਿਲਾ ਮਿੱਤਰ ਪਿੱਛੇ ਜਬਰਦਸਤੀ ਗੇੜੇ ਲਗਾਉਣ ਤੇ ਇਸ ਬਾਰੇ ਇੱਕ ਵੀਡੀਓ ਜਨਤਕ ਹੋਣ ਕਾਰਨ ਵੀ ਠੰਡਲ ਦੇ ਸਿਆਸੀ ਰਸੂਖ ਨੂੰ ਵੱਟਾ ਲੱਗਾ।
ਲੋਕ ਸਭਾ ਦੀ ਚੋਣ ਵਿੱਚ ਚੌਥੇ ਨੰਬਰ ’ਤੇ ਖਿਸਕੇ
ਅਕਾਲੀ ਦਲ ਵੱਲੋਂ 6 ਵਿਧਾਨ ਸਭਾ ਚੋਣਾਂ ਲੜਨ ਵਾਲੇ ਸੋਹਣ ਸਿੰਘ ਠੰਡਲ ਨੂੰ 2024 ਦੀ ਲੋਕ ਸਭਾ ਚੋਣ ਵਿੱਚ ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਸੀ ਲੇਕਿਨ ਇਸ ਚੋਣ ਵਿੱਚ ਠੰਡਲ ਨੂੰ ਮਹਿਜ਼ 91789 ਵੋਟਾਂ ਹੀ ਮਿਲੀਆਂ ਤੇ ਇਹ ਚੌਥੇ ਨੰਬਰ ’ਤੇ ਰਹੇ। ਇਸ ਲੋਕ ਸਭਾ ਚੋਣ ਵਿੱਚ ਠੰਡਲ ਨੂੰ ਆਪਣੇ ਹਲਕੇ ਚੱਬੇਵਾਲ ਤੋਂ ਵੀ ਮਹਿਜ 12 ਕੁ ਹਜਾਰ ਵੋਟਾਂ ਹੀ ਮਿਲੀਆਂ ਸਨ।
ਪਿਤਾ-ਪੁੱਤਰ ਹੀ ਫਿਲਹਾਲ ਭਾਜਪਾ ਵਿੱਚ ਗਏ
ਭਾਜਪਾ ਦੇ ਵੱਡੇ ਆਗੂਆਂ ਵੱਲੋਂ ਸੋਹਣ ਸਿੰਘ ਠੰਡਲ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਰੱਖੇ ਗਏ ਸਮਾਗਮ ਵਿੱਚ ਸੋਹਣ ਸਿੰਘ ਠੰਡਲ ਤੇ ਪੁੱਤਰ ਰਵਿੰਦਰ ਸਿੰਘ ਠੰਡਲ ਹੀ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਜਦੋਂ ਕਿ ਪਹਿਲਾ ਕਿਹਾ ਜਾ ਰਿਹਾ ਸੀ ਕਿ ਚੱਬੇਵਾਲ ਤੋਂ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਠੰਡਲ ਦੇ ਨਾਲ ਆ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ, ਹੁਣ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਸੋਹਣ ਸਿੰਘ ਠੰਡਲ ਆਪਣੇ ਨਾਲ ਕਿੰਨੇ ਅਕਾਲੀ ਆਗੂਆਂ ਨੂੰ ਭਾਜਪਾ ਦਾ ਫੁੱਲ ਫ਼ੜਾ ਸਕਣਗੇ।
ਭਾਜਪਾ ਨੂੰ ਚੱਬੇਵਾਲ ਵਿੱਚ ਠੰਡਾ ਬੁੱਲ੍ਹਾ
ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਭਾਜਪਾ ਲਈ ਚੱਬੇਵਾਲ ਅਜਿਹਾ ਹਲਕਾ ਬਣ ਗਿਆ ਸੀ ਜਿਸ ਵਿੱਚ ਸਥਾਨਕ ਪੱਧਰ ਦਾ ਕੋਈ ਵੀ ਭਾਜਪਾ ਆਗੂ ਚੋਣ ਲੜਨ ਲਈ ਤਿਆਰ ਨਹੀਂ ਸੀ ਤੇ ਇਹੀ ਕਾਰਨ ਰਿਹਾ ਕਿ ਭਾਜਪਾ ਨੇ ਬਾਕੀ 3 ਹਲਕਿਆਂ ਵਿੱਚ ਤਾਂ ਉਮੀਦਵਾਰ ਦੇ ਦਿੱਤੇ ਸਨ ਪਰ ਚੱਬੇਵਾਲ ਤੋਂ ਨਹੀਂ। ਹੁਣ ਸੋਹਣ ਸਿੰਘ ਠੰਡਲ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਚੱਬੇਵਾਲ ਤੋਂ ਵੀ ਠੰਡਾ ਬੁੱਲ੍ਹਾ ਪ੍ਰਾਪਤ ਹੋ ਗਿਆ ਹੈ।