ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਵੱਲੋਂ ਲੇਖਕ ਅਤੇ ਪੱਤਰਕਾਰ ਕਮਲਜੀਤ ਸਿੰਘ ਬਨਵੈਤ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਬੋਰਡ ਦਾ ਮੈਂਬਰ ਲਾਏ ਜਾਣ ਤੇ ਸਨਮਾਨ ਕੀਤਾ ਗਿਆ। ਪੀਰ ਮੁਹੰਮਦ ਵੱਲੋਂ ਉਹਨਾਂ ਨੂੰ ਸਿਰੋਪਾ ਅਤੇ ਸਾਲ ਭੇਟ ਕੀਤਾ ਗਿਆ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਨਵੈਤ ਦੀ ਧਾਰਮਿਕ ,ਸਮਾਜਿਕ ਅਤੇ ਸਿਆਸੀ ਮਾਮਲਿਆਂ ਉੱਤੇ ਤਕੜੀ ਪਕੜ ਹੈ ਅਤੇ ਉਹ ਕੇਂਦਰ ਸਰਕਾਰ ਕੋਲ ਸਿੱਖ ਮਸਲਿਆਂ ਨੂੰ ਪੂਰੀ ਮਜਬੂਤੀ ਨਾਲ ਪੇਸ਼ ਕਰਨਗੇ। ਉਹਨਾਂ ਨੇ ਨਿਯੁਕਤੀ ਦਾ ਸਵਾਗਤ ਕਰਦਿਆਂ ਇਹ ਵੀ ਕਿਹਾ ਕਿ ਉਹ ਇਸ ਗੱਲੋਂ ਵੀ ਖੁਸ਼ ਹਨ ਕਿ ਜੇ ਪੰਜਾਬ ਸਰਕਾਰ ਨੇ ਨਹੀਂ ਤਾਂ ਘੱਟੋ ਘੱਟ ਕੇਂਦਰ ਸਰਕਾਰ ਨੇ ਬਣਵੈਤ ਦੀ ਪੱਤਰਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਘਾਲਣਾ ਅਤੇ ਦੇਣ ਦਾ ਮੁੱਲ ਪਾਇਆ ਹੈ।

ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਵੀ ਕਮਲਜੀਤ ਸਿੰਘ ਬਨਵੈਤ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਉਮੀਦ ਕੀਤੀ ਕਿ ਬਨਵੈਤ ਭਵਿੱਖ ਵਿੱਚ ਵੀ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਹਿ ਕੇ ਸੇਵਾ ਕਰਦੇ ਰਹਿਣਗੇ। ਦੱਸਣ ਯੋਗ ਹੈ ਕਿ ਭਾਸ਼ਾ ਵਿਭਾਗ ਵੱਲੋਂ ਬਨਵੈਤ ਨੂੰ 2011 ਵਿੱਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਉਹ ਹੁਣ ਤੱਕ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿੱਚ 12 ਪੁਸਤਕਾਂ ਪਾ ਚੁੱਕੇ ਹਨ। ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਵਿੱਚ ਉਹਨਾਂ ਦੇ ਭਖਦੇ ਮੁੱਦਿਆਂ ਤੇ ਛਪਦੇ ਲੇਖਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ।