ਦਾ ਐਡੀਟਰ ਨਿਊਜ਼, ਜਲੰਧਰ —— ਅਮਰੀਕਾ ਦੇ ਨਿਊਜਰਸੀ ‘ਚ ਇਕ ਨੌਜਵਾਨ ਨੇ ਜਲੰਧਰ ਦੀਆਂ ਦੋ ਭੈਣਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਇਕ ਦੀ ਮੌਤ ਹੋ ਗਈ ਹੈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ, ਜਲੰਧਰ ਦਾ ਰਹਿਣ ਵਾਲਾ ਹੈ। ਦੋਵੇਂ ਚਚੇਰੀਆਂ ਭੈਣਾਂ ਸਨ।
ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ‘ਚ ਮਰਨ ਵਾਲੀ ਕੁੜੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਦੋਵੇਂ ਜ਼ਖਮੀ ਭੈਣਾਂ ਨੂੰ ਤੁਰੰਤ ਨੇਵਾਰਕ ਦੇ ਹਸਪਤਾਲ ਲਿਜਾਇਆ ਗਿਆ।
ਪੁਲਸ ਨੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗੌਰਵ ਗਿੱਲ ਨੂੰ ਬੁੱਧਵਾਰ ਸਵੇਰੇ ਔਰਤਾਂ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਦੇ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਹੋਇਆ ਸੀ।
ਫੜੇ ਗਏ ਦੋਸ਼ੀ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ‘ਚ ਇਕੱਠੇ ਟੌਫਲ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ ‘ਤੇ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਮੁਤਾਬਕ ਹਮਲੇ ਤੋਂ ਬਾਅਦ ਦੋਸ਼ੀ ਨੂੰ ਪੁਲਸ ਨੇ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ। ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਸੀਸੀਟੀਵੀ ਵਿੱਚ ਅਮਰੀਕਾ ਪੁਲਿਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਂਦੀ ਨਜ਼ਰ ਆ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ।