– 13 ਜੂਨ ਨੂੰ ਕੀਰਤਪੁਰ ਸਾਹਿਬ ਦੇ ਨੌਲੱਖਾ ਬਾਗ ਤੋਂ ਹੋਵੇਗੀ ਸ਼ੁਰੂਆਤ
ਦਾ ਐਡੀਟਰ ਨਿਊਜ਼, ਚੰਡੀਗੜ੍ਹ ——– ਜਲਵਾਯੂ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਨੂੰ ਮਹਿਸੂਸ ਕਰਦਿਆ ਪੰਜਾਬ ਦੀਆਂ ਔਰਤਾਂ ਅੱਗੇ ਆਈਆਂ ਹਨ। ਇਨ੍ਹਾਂ ਔਰਤਾਂ ਨੇ ਸਮੁੱਚੇ ਪੰਜਾਬ ਦੀਆਂ ਔਰਤਾਂ ਨੂੰ ਸੱਦਾ ਦਿੱਤਾ ਕਿ ਪੰਥ ਤੇ ਪੰਜਾਬ ਦੇ ਭਵਿੱਖ ਦੀ ਵਿਉਂਤਬੰਦੀ ਬਾਰੇ ਪਹਿਲ ਕਦਮੀ ਲਈ ਅੱਗੇ ਆਉਣ।ਇੱਕਠੀਆਂ ਹੋਈਆਂ ਬੀਬੀਆਂ ਨੇ ਇੱਕਸੁਰ ਹੁੰਦਿਆ ਕਿਹਾ ਹੈ ਕਿ ਜੇ ਪੰਥ ਤੇ ਪੰਜਾਬ ਦਾ ਭਵਿੱਖ ਬਚਾਉਣਾ ਹੈ ਤਾਂ ਹਰ ਔਰਤ ਬੂਟਿਆਂ ਨੂੰ ਗੋਦ ਲਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੰਡੀਗੜ੍ਹ ਵਿੱਚ ਔਰਤਾਂ ਦੀ ਇੱਕ ਮੀੀਟੰਗ ਵਿੱਚ ਫੈਸਲਾ ਕੀਤਾ ਕਿ 13 ਜੂਨ ਨੂੰ ਸ਼੍ਰੀ ਕੀਰਤਪੁਰ ਸਾਹਿਬ ਦੇ ਨੌਲੱਖਾ ਬਾਗ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਬਚੇਗਾ ਤਦ ਹੀ ਪੰਥ ਨੂੰ ਬਚਾਇਆ ਜਾ ਸਕਦਾ।ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਕਾਰਨ ਮਸਲਾ ਸਾਡੀਆਂ ਨਸਲਾਂ ਦੀ ਹੋਂਦ ਨੂੰ ਬਚਾਉਣ ਦਾ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਰੱਬ ਨੇ ਔਰਤਾਂ ਨੂੰ ਅਜਿਹੀ ਤਾਕਤ ਦਿੱਤੀ ਹੋਈ ਹੈ ਕਿ ਉਹ ਇੱਕਲੀ ਹੀ 8 ਤੋਂ 10 ਜੀਆਂ ਦੇ ਟੱਬਰ ਨੂੰ ਸੰਭਾਲ ਸਕਦੀ ਹੈ ਤੇ ਉਸ ਨੂੰ ਪਾਲਣ ਦੀ ਸਮਰੱਥਾ ਵੀ ਰੱਖਦੀ ਹੈ।ਤੱਰਕੀ ਦੀ ਆੜ ਹੇਠ ਕਾਰਪੋਰੇਟਾਂ ਨੇ ਜਿਹੜਾ ਨੁਕਸਾਨ ਸਾਡੇ ਵਾਤਾਵਰਨ ਦਾ ਕਰ ਦਿੱਤਾ ਹੈ ਉਸ ਦਾ ਸਭ ਤੋਂ ਮਾੜਾ ਅਸਰ ਗਰੀਬ ਵਰਗ `ਤੇ ਪੈ ਰਿਹਾ ਹੈ।ਸਾਫ ਸੁਥਰਾ ਸਾਹ ਹਰ ਇੱਕ ਨੂੰ ਚਾਹੀਦੀ ਹੈ ਤੇ ਇਹ ਸਾਫ ਹਵਾ ਰੁੱਖਾਂ ਨਾਲ ਹੀ ਆ ਸਕਦੀ ਹੈ।ਉਨ੍ਹਾਂ ਔਰਤ ਹੋਣ `ਤੇ ਫਖ਼ਰ ਮਹਿਸੂਸ ਕਰਦਿਆ ਕਿਹਾ ਕਿ ਇੱਕ ਔਰਤ ਹੀ ਜੋ ਦਰਦ ਨੂੰ ਦਿੱਲੋਂ ਮਹਿਸੂਸ ਕਰਦੀ ਹੈ।ਆਲਮੀ ਤਪਸ਼ ਕਾਰਨ ਹੁਣ ਸੋਚਣ ਦਾ ਵੇਲਾ ਨਹੀਂ ਰਿਹਾ ਸਗੋਂ ਬੂਟੇ ਲਗਾਉਣ ਵਰਗੀ ਮੁਹਿੰਮ ਨੂੰ ਅਮਲ ਵਿੱਚ ਲਿਆੳੇੁਣਾ ਸਾਡੀ ਤਰਜੀਹ ਰਹੇਗੀ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੇ ਹਾਂ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਫੈਸਲਾ ਸਮੁੱਚਤਾ ਵਿੱਚ ਉਨ੍ਹਾਂ ਔਰਤਾਂ ਨੇ ਕੀਤਾ ਹੈ ਜਿੰਨ੍ਹਾਂ ਦੇ ਮਨਾਂ ਵਿੱਚ ਪੰਥ ਤੇ ਪੰਜਾਬ ਲਈ ਦਰਦ ਤੇ ਫਿਕਰਮੰਦੀ ਹੈ।ਉਨ੍ਹਾਂ ਕਿਹਾ ਕਿ 13 ਜੂਨ ਤੋਂ ਪੰਜਾਬ ਭਰ ਵਿੱਚ 9 ਲੱਖ ਬੂਟੇ ਲਗਾਉਣ ਦੀ ਮੁਹਿੰਮ ਨੌਲੱਖਾ ਬਾਗ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਔਰਤਾਂ ਆਪਣੇ ਬੱਚੇ ਪਾਲਦੀਆਂ ਹਨ ਉਸੇ ਤਰ੍ਹਾਂ ਲਗਾਏ ਜਾਣ ਵਾਲੇ ਬੂਟਿਆਂ ਦੀ ਸਾਂਭ ਸੰਭਾਲ ਕਰਨਗੀਆਂ ਤੇ ਉਨ੍ਹਾਂ ਨੂੰ ਪਾਲਣਗੀਆਂ।ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਕਰਕੇ ਇਸ ਮੁਹਿੰਮ ਦਾ ਸਲੋਗਨ ਹੀ ਹਰ ਔਰਤ ਇੱਕ ਬੂਟਾ ਲਵੇ ਗੋਦ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਗੁਰੂ ਸਾਹਿਬਾਨਾਂ ਨੇ ਸਿੱਖ ਜਗਤ ਨੂੰ ਗੋਲਬਲੀ ਸੋਚਣ ਦਾ ਸੰਕਲਪ ਦਿੱਤਾ ਹੋਇਆ ਹੈ।ਇਸ ਲਈ ਹਰ ਸਿੱਖ ਸਰਬੱਤ ਦੇ ਭਲੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ।
ਬੀਬੀ ਜਗੀਰ ਕੌਰ ਨੇ ਪੰਜਾਬ ਭਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆ ਕਿਹਾ ਕਿ ਬੂਟੇ ਲਗਾਉਣ ਦੀ ਇਹ ਮੁਹਿੰਮ ਤਹਿਤ ਅਗਲੀ ਮੀਟਿੰਗ ਗੁਰਦੁਆਰਾ ਅੰਬ ਸਾਹਿਬ ਹੋਵੇਗੀ।ਹਰ ਹਫਤੇ ਦੋ ਵਾਰ ਬੀਬੀਆਂ ਬੂਟਿਆਂ ਬਾਰੇ ਵਿਉਂਤਬੰਦੀ ਕਰਨਗੀਆਂ ਤੇ ਸਾਂਝੀਆਂ ਥਾਵਾਂ `ਤੇ ਬੂਟੇ ਲਗਾਉਣਗੀਆਂ।
ਇਸ ਮੌਕੇ ਚੰਡੀਗੜ੍ਹ ਦੀ ਸਾਬਕਾ ਮੇਅਰ ਤੇ ਐਸਜੀਪੀਸੀ ਮੈਂਬਰ ਹਰਜਿੰਦਰ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ,ਬੀਬੀ ਵੀਨਾ ਮੱਕੜ ਤੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਸਮੇਤ ਹੋਰ ਬੀਬੀਆਂ ਵੀ ਹਾਜ਼ਰ ਸਨ।