– ਕਿਹਾ ਕਿ ਅਕਾਲੀ ਦਲ ਸੰਘੀ ਢਾਂਚੇ ਦਾ ਹਿਮਾਇਤੀ
ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਚੰਦਰਬਾਬੂ ਨਾਇਡੂ, ਨਿਤਿਸ਼ ਕੁਮਾਰ, ਕੁਮਾਰੀ ਮਮਤਾ ਬੈਨਰਜੀ, ਊਧਵ ਠਾਕਰੇ ਅਤੇ ਹੋਰ ਖੇਤਰੀ ਪਾਰਟੀਆਂ ਦੇ ਮੁਖੀ ਜਿਹਨਾਂ ਨੂੰ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੱਡੀਆਂ ਜਿੱਤਾਂ ਮਿਲੀਆਂ ਹਨ, ਨੂੰ ਵਧਾਈ ਦਿੱਤੀ ਹੈ।
ਇਹਨਾਂ ਆਗੂਆਂ ਨੂੰ ਭੇਜੇ ਵਧਾਈ ਪੱਤਰਾਂ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇਸ਼ ਵਿਚ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਖਾਸ ਤੌਰ ’ਤੇ ਰਾਜਾਂ ਲਈ ਵਧੇਰੇ ਵਿੱਤੀ ਖੁਦਮੁਖ਼ਤਿਆਰੀ ਪ੍ਰਤੀ ਕਿਸੇ ਵੀ ਪਹਿਲਕਦਮੀ ਦੀ ਡਟਵੀਂ ਹਮਾਇਤ ਕਰਦਾ ਆਇਆ ਹੈ ਤੇ ਕਰਦਾ ਰਹੇਗਾ। ਉਹਨਾਂ ਕਿਹਾ ਕਿ ਇਕ ਖੇਤਰੀ ਤੇ ਪੰਥਕ ਪਾਰਟੀ ਵਜੋਂ ਸਾਨੂੰ ਖੁਸ਼ੀ ਹੈ ਕਿ ਲੋਕਾਂ ਨੇ ਦੇਸ਼ ਵਿਚ ਸੰਘੀ ਢਾਂਚੇ ਦੇ ਹੱਕ ਵਿਚ ਫਤਵਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਵਿਚ ਇਸ ਸੋਚ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰ ਰਹੇ ਹਾਂ।
ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹਣ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਕਿਹਾ ਕਿ ਮੈਂ ਤੇ ਮੇਰੀ ਪਾਰਟੀ ਸਾਡੇ ਮਹਾਨ ਆਗੂ ਪ੍ਰਤੀ ਤੁਹਾਡੇ ਵੱਲੋਂ ਵਰਤੇ ਮਾਣ ਤੇ ਸਨਮਾਨਯੋਗ ਸ਼ਬਦਾਂ ਲਈ ਤੁਹਾਡੇ ਧੰਨਵਾਦੀ ਹਾਂ।