– ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਦਿੱਲੀ-ਨਿਯੰਤਰਿਤ ਰਵਾਇਤੀ ਪਾਰਟੀਆਂ ਦੀ ਆਲੋਚਨਾ ਕੀਤੀ
– ਅਕਾਲੀ ਦਲ ਨੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਠਿੰਡੇ ਹਵਾਈ ਅੱਡੇ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖਿਆ ਬਲਵਿੰਦਰ ਸਿੰਘ ਭੂੰਦੜ
– ਖ਼ੇਤੀ ਨਿਰਯਾਤ ਕਾਰੋਬਾਰ ਕਿਸਾਨਾਂ ਦੀ ਆਮਦਨ ਨੂੰ ਵੱਡੇ ਪੱਧਰ ‘ਤੇ ਸਮਰੱਥ ਬਣਾਵੇਗਾ – ਕਰਨੈਲ ਸਿੰਘ ਪੀਰਮੁਹੰਮਦ
ਦਾ ਐਡੀਟਰ ਨਿਊਜ਼, ਮਾਨਸਾ —— ਸ਼੍ਰੋਮਣੀ ਅਕਾਲੀ ਦਲ ਦੀ ਉੱਚ ਪੱਧਰੀ ਲੀਡਰਸ਼ਿਪ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੀਟਿੰਗ ਦੀ ਅਗਵਾਈ ਪਾਰਟੀ ਦੇ ਸਕੱਤਰ ਜਨਰਲ ਸ੍ਰ. ਬਲਵਿੰਦਰ ਸਿੰਘ ਭੂੰਦੜ ਅਤੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤੀ।

ਇਸ ਇਕੱਤਰਤਾ ਦੌਰਾਨ ਉਪਰੋਕਤ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਡਮੁੱਲੇ ਇਤਿਹਾਸ ਅਤੇ ਕਦਰਾਂ-ਕੀਮਤਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਦਿੱਲੀ ਤੋਂ ਨਿਯੰਤਰਿਤ ਰਵਾਇਤੀ ਪਾਰਟੀਆਂ ਦੀ ਆਲੋਚਨਾ ਕੀਤੀ। ਆਗੂਆਂ ਨੇ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਭਲਾਈ ਸਕੀਮਾਂ, ਮੁਫ਼ਤ ਵਜ਼ੀਫ਼ੇ, ਬਿਜਲੀ ਯੂਨਿਟ, ਆਟਾ-ਦਾਲ ਸਕੀਮ, ਧੀਆਂ ਲਈ ਸ਼ਗਨ ਸਕੀਮ ਬਾਰੇ ਚਾਨਣਾ ਪਾਇਆ, ਜਿੰਨ੍ਹਾਂ ਨੂੰ ਅੱਜ ਲੋਕ ਮੁੜ ਲਾਹਾ ਲੈਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ ਗਈ ਅਤੇ ਭਗਵੰਤ ਮਾਨ ਨੂੰ ਪੰਜਾਬ ਦੇ ਇਤਿਹਾਸ ਦਾ ਪਹਿਲਾ ਕਲੀਨ ਸ਼ੇਵ ਮੁੱਖ ਮੰਤਰੀ ਕਰਾਰ ਦਿੱਤਾ ਗਿਆ ਜਿਸ ਕੋਲ ਬੁਨਿਆਦੀ ਸੱਭਿਆਚਾਰਕ ਗਿਆਨ ਦੀ ਘਾਟ ਹੈ, ਇਥੋਂ ਤੱਕ ਕਿ ਉਹ ਆਪਣੀ ਖ਼ੁਦ ਦੇ ਸਿਰ ‘ਤੇ ਰੱਖੀ ਪੱਗ ਦੀ ਅਹਿਮੀਅਤ ਵੀ ਨਹੀਂ ਜਾਣਦਾ ਹੈ। ਨਸ਼ਿਆਂ ਦੇ ਖ਼ਾਤਮੇ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਬੁਨਿਆਦੀ ਢਾਂਚਾ ਪ੍ਰਦਾਨ ਕਰਨ ਅਤੇ ਸੂਬੇ ਦੀ ਸਮੁੱਚੀ ਭਲਾਈ ਨੂੰ ਉਤਸ਼ਾਹਿਤ ਕਰਨ ਵਰਗੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦੀ, ਭਗਵੰਤ ਮਾਨ ਦੀ ਯੋਗਤਾ ‘ਤੇ ਡੂੰਘੇ ਸਵਾਲ ਚੁੱਕੇ ਹਨ। ਉਨ੍ਹਾਂ ਸੂਬੇ ਦੀ ਬਿਹਤਰੀ ਲਈ 2022 ਦੀਆਂ ਗਲਤੀਆਂ ਨੂੰ ਮੁੜ – ਦੁਹਰਾਉਣ ਤੋਂ ਬਚਣ ਅਤੇ ਸੁਚੇਤ ਰਹਿਣ ਦੀ ਅਪੀਲ ਕੀਤੀ।
ਉਪਰੋਕਤ ਅਕਾਲੀ ਆਗੂਆਂ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਸਦੀ ਬਹੁਮਤ ਹਾਸਲ ਕਰਨ ਉਪਰੰਤ, ਖ਼ੇਤੀਬਾੜੀ ਦੇ ਨਿਰਯਾਤ ਕਾਰੋਬਾਰ ਰਾਹੀਂ, ਖ਼ਾਸ ਕਰਕੇ ਅਰਬ ਅਤੇ ਹੋਰਨਾਂ ਦੇਸ਼ਾਂ ਨੂੰ ਫ਼ਸਲਾਂ ਦੀ ਵਿਕਰੀ ਜ਼ਰੀਏ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਨੀਤੀਆਂ ਬਣਾਉਣ ਦਾ ਵਾਅਦਾ ਕੀਤਾ ਗਿਆ। ਉਨ੍ਹਾਂ ਨੇ ਬਠਿੰਡਾ ਹਵਾਈ ਅੱਡੇ ‘ਤੇ ਕਾਰਗੋ ਸਹੂਲਤ ਦੀ ਵਰਤੋਂ ਨਿਰਯਾਤ ਸਮਰੱਥਾਵਾਂ ਨੂੰ ਵਧਾਉਣ, ਕਿਸਾਨਾਂ ਲਈ ਆਮਦਨ ਪੈਦਾ ਕਰਨ, ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪੇਸ਼ ਕੀਤਾ।
ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਪਾਰਟੀ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਪਾਰਟੀ ਅੰਦਰ ਬਣਦੇ ਮਾਨ ਸਨਮਾਨ ਦਾ ਭਰੋਸਾ ਦਿੱਤਾ। ਖ਼ੇਤਰੀ ਪਾਰਟੀ ਨੂੰ ਸਮਰਥਨ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਦੇ ਸੰਭਾਵੀ ਨਤੀਜਿਆਂ ਦੀ ਅਹਮਿਯਤ ਨੂੰ ਦਰਸਾਇਆ, ਅਤੇ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੋਂ ਇਲਾਵਾ ਗੁਰਦੀਪ ਸਿੰਘ, ਰਜਿੰਦਰ ਸਿੰਘ ਦੋਹੇਂ ਮੈਂਬਰ ਕੌਰ ਕਮੇਟੀ ਯੂਥ ਵਿੰਗ, ਜੋਗਿੰਦਰ ਸਿੰਘ ਜੰਗੀ ਫੈਡਰੇਸ਼ਨ ਆਗੂ ਨੇ ਵੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।