ਦਾ ਐਡੀਟਰ ਨਿਊਜ਼. ਚੰਡੀਗੜ੍ਹ ——- ਪਿਛਲੇ ਕਈ ਮਹੀਨਿਆਂ ਤੋਂ ਆਪ ਸਰਕਾਰ ਤੇ ਵਿਜੀਲੈਂਸ ਤੋਂ ਜਾਨ ਬਚਾਉਦੇ ਫਿਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਨਿਸ਼ਾਨੇ ਉੱਪਰ ਆ ਗਏ ਹਨ, ਅੱਜ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੰਬੇੇ ਹੱਥੀ ਲੈਂਦਿਆਂ ਕਿਹਾ ਕਿ ‘ ਤੂੰ ਦੋ ਤਿੰਨ-ਦਿਨ ਰੁਕ, ਤੇਰੀਆਂ ਬੱਸਾਂ ਦੀਆਂ ਵੀ ਬਾਡੀਆਂ ਮੈਂ ਖੋਲ੍ਹਣ ਜਾ ਰਿਹਾ ਹਾਂ ਤੇ ਫਿਰ ਤੇਰੇ ਸਾਰੇ ਵਿੰਗ-ਵਲ ਅਸੀਂ ਕੱਢ ਦੇਣੇ ਹਨ ’ ਇਸ ਗੱਲ ਨੇ ਰਾਜਾ ਵੜਿੰਗ ਨੂੰ ਥਿੜਕਾ ਦਿੱਤਾ ਹੈ ਕਿਉਂਕਿ ਸ਼ਾਇਦ ਭਗਵੰਤ ਮਾਨ ਸਰਕਾਰ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੌਰਾਨ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਕਰੋੜਾਂ ਰੁਪਏ ਦੇ ਹੋਏ ਬੱਸਾਂ ਦੀਆਂ ਬਾਡੀਆਂ ਦੇ ਘਪਲੇ ਦੇ ਮਾਮਲੇ ਵਿੱਚ ਬੜੀ ਕਾਰਵਾਈ ਕਰਨ ਜਾ ਰਹੀ ਹੈ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਸਨ ਤਾਂ ਉਹਨਾਂ ਦੇ ਸਮੇਂ 840 ਬੱਸਾਂ ਦੀਆਂ ਬਾਡੀਆਂ ਲਗਾਉਣ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਸਕੈਮ ਹੋਇਆ ਸੀ ਅਤੇ ਇਸ ਸਕੈਮ ਦੀ ਸੂਈ ਵੜਿੰਗ ਵੱਲ ਨੂੰ ਜਾ ਰਹੀ ਹੈੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਦੀ ਜਾਂਚ ਨੂੰ ਮੁਕੰਮਲ ਕਰਕੇ ਫਾਈਲ ਵਿੱਚ ਰੱਖਿਆ ਹੋਇਆ ਹੈ ਅਤੇ ਵਿਜੀਲੈਂਸ ਸਰਕਾਰ ਵੱਲੋਂ ਉਸ ਫਾਈਲ ’ਤੇ ਕਾਰਵਾਈ ਕਰਨ ਦਾ ਇਸ਼ਾਰਾ ਭਾਲ ਰਹੀ ਹੈ, ਇਹੀ ਵਜ੍ਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਵਿੱਚ ਕਥਿਤ ਤੌਰ ’ਤੇ ਸਰਕਾਰ ਦੀ ਅੰਦਰ ਖਾਤੇ ਖੂਬ ਮਦਦ ਕੀਤੀ ਸੀ, ਜਿਸ ਦੀ ਵਜ੍ਹਾ ਨਾਲ ਜਲੰਧਰ ਸੀਟ ਕਾਂਗਰਸ ਦੇ ਹੱਥੋਂ ਨਿੱਕਲ ਗਈ ਸੀ, ਜਦ ਕਿ ਉਹ ਰਵਾਇਤੀ ਤੌਰ ’ਤੇ ਕਾਂਗਰਸ ਦੀ ਸੀਟ ਰਹੀ ਹੈ ਅਤੇ ਕਾਂਗਰਸ ਪਾਰਟੀ ਅੰਦਰ ਇਸ ਗੱਲ ਦੀ ਖੂਬ ਚਰਚਾ ਚੱਲੀ ਆ ਰਹੀ ਹੈ ਕਿ ਰਾਜਾ ਵੜਿੰਗ ਨੇ ਆਪਣੇ ਆਪ ਨੂੰ ਬਚਾਉਣ ਲਈ ਪਾਰਟੀ ਦੇ ਹਿੱਤਾਂ ਦੀ ਬਲੀ ਦੇ ਦਿੱਤੀ। ਇਸ ਦੌਰਾਨ ਕਈ ਐਸੇ ਮੁੱਦੇ ਸਰਕਾਰ ਨਾਲ ਸੰਬੰਧਿਤ ਸਾਹਮਣੇ ਆਏ ਜਿਸ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਨਾ ਸੀ ਲੇਕਿਨ ਉਹ ਇਸ ਬਾਡੀ ਸਕੈਮ ਦੇ ਚੱਲਦਿਆਂ ਆਪਣਾ ਮੂੰਹ ਨਹੀਂ ਖੋਲ੍ਹ ਸਕੇ।
ਰਾਜਾ ਵੜਿੰਗ ਦੀ ਕੁਰਸੀ ਖਤਰੇ ’ਚ
ਕਾਂਗਰਸ ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਹਾਈਕਮਾਂਡ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਕਾਫੀ ਸਮੇਂ ਤੋਂ ਲਾਂਭੇ ਕਰਨਾ ਚਾਹੁੰਦੀ ਹੈ ਪਰ ਲੋਕ ਸਭਾ ਦੀਆਂ ਮੌਜੂਦਾ ਚੋਣਾਂ ਦੇ ਚੱਲਦਿਆਂ ਰਾਜਾ ਵੜਿੰਗ ਨੂੰ ਸਮਾਂ ਮਿਲੀ ਜਾ ਰਿਹਾ ਹੈ ਹਾਲਾਂਕਿ ਪਾਰਟੀ ਅੰਦਰ ਹੀ ਉਨ੍ਹਾਂ ਦੇ ਕੱਟੜ ਵਿਰੋਧੀ ਉਨ੍ਹਾਂ ਵੱਲੋਂ ਪਾਰਟੀ ਵਿਰੋਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਪਾਰਟੀ ਹਾਈਕਮਾਂਡ ਨੂੰ ਲਗਾਤਾਰ ਜਾਣੂ ਕਰਾ ਰਹੇ ਹਨ ਅਤੇ ਇਹ ਦੱਸ ਰਹੇ ਹਨ ਕਿ ਉਹ ਸਰਕਾਰ ਦੇ ਨਾਲ ਮਿਲੇ ਹੋਏ ਹਨ।