ਦਾ ਐਡੀਟਰ ਨਿਊਜ. ਚੰਡੀਗੜ੍ਹ ——– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਸਮੇਂ ਸਿਰ ਕਾਰਵਾਈ ਕਰਦੀ ਤਾਂ ਸ਼ੁਭਕਰਨ ਦੀ ਮੌਤ ਨਾ ਹੁੰਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲਿਆ ਹੋਇਆ ਹੈ ਤੇ ਇਹ ਉਨ੍ਹਾਂ ਦਾ ਸਭ ਤੋਂ ਵੱਡਾ ਟਾਊਟ ਹੈ, ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲੇ ਦਿਨ ਤੋਂ ਕਹਿ ਰਿਹਾ ਹੈ ਕਿ ਸਾਨੂੰ ਲੋਕਤੰਤਰੀ ਢੰਗ ਨਾਲ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਲੇਕਿਨ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾ-ਕਾਮਯਾਬ ਰਹੀ, ਉਨ੍ਹਾਂ ਕਿਹਾ ਕਿ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਮੁੱਖ ਮੰਤਰੀ ਸੁੱਤੇ ਰਹੇ ਹਨ ਤੇ ਹੁਣ ਵੀ ਇਹ ਕਹਿ ਰਹੇ ਹਨ ਕਿ ਸ਼ੁਭਕਰਨ ਦਾ ਪੋਸਟ ਮਾਰਟਮ ਹੋਣ ਉਪਰੰਤ ਸਰਕਾਰ ਕਾਰਵਾਈ ਕਰੇਗੀ ਜੋ ਕਿ ਦਰਸਾਉਦੀ ਹੈ ਕਿ ਪੰਜਾਬ ਸਰਕਾਰ ਫੇਲ੍ਹ ਹੋ ਚੁੱਕੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਹਰਿਆਣੇ ਦੀ ਖੱਟੜ ਸਰਕਾਰ ਦੇ ਹੁਕਮਾਂ ਨੂੰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਧਿਕਾਰੀਆਂ ਰਾਹੀਂ ਲਾਗੂ ਕਰਵਾ ਰਿਹਾ ਹੈ, ਪੰਜਾਬ ਵਿੱਚ ਕਿਸਾਨਾਂ ਦੀਆਂ ਮਸ਼ੀਨਾਂ ਹਰਿਆਣਾ ਦੀ ਸਰਕਾਰ ਦੇ ਕਹਿਣ ’ਤੇ ਜਬਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਦੀ ਪੁਲਿਸ ਪੰਜਾਬ ਦੀ ਹੱਦ ਵਿੱਚ ਆ ਕੇ ਕਿਸਾਨਾਂ ਦੀ ਮਸ਼ੀਨਰੀ ਦਾ ਨੁਕਸਾਨ ਕਰਕੇ ਗਈ ਜਿਸ ਤੋਂ ਸਾਫ ਹੋ ਚੁੱਕਾ ਹੈ ਕਿ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਫੇਲ੍ਹ ਹੋ ਚੁੱਕੀ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਕਾਰਵਾਈ ਵਿੱਚ ਪੰਜਾਬ ਦੇ ਪੱਤਰਕਾਰਾਂ ਦੇ ਜ਼ਖਮੀ ਹੋਣ ਲਈ ਵੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਉਨ੍ਹਾਂ ਕਿਹਾ ਕਿ ਜਿਹੜੀਆਂ ਰਬੜ ਦੀਆਂ ਗੋਲੀਆਂ ਬੈਨ ਹਨ ਉਹ ਪੰਜਾਬ ਦੇ ਕਿਸਾਨਾਂ ਉੱਪਰ 13 ਫਰਵਰੀ ਤੋਂ ਚਲਾਈਆਂ ਜਾ ਰਹੀਆਂ ਹਨ ਤਾਂ ਫਿਰ ਉਸ ਦਿਨ ਦੀ ਪੰਜਾਬ ਸਰਕਾਰ ਨੇ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੁੰਦੀ ਤਾਂ ਹਰਿਆਣਾ ਸਰਕਾਰ ਦੀ ਹਿੰਮਤ ਨਾ ਪੈਂਦੀ ਕਿਸਾਨਾਂ ਉੱਪਰ ਤਸ਼ੱਦਦ ਕਰਨ ਦੀ।