ਦਾ ਐਡੀਟਰ ਨਿਊਜ਼, ਫਤਿਹਗੜ੍ਹ ਸਾਹਿਬ —— ਪੰਜਾਬ ਤੋਂ ਦਿੱਲੀ ਤੱਕ ਕਿਸਾਨਾਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਦਿੱਲੀ ਵੱਲ ਚਲੇ ਪਾ ਦਿੱਤੇ ਹਨ। ਚੰਡੀਗੜ੍ਹ ਵਿੱਚ 12 ਫਰਵਰੀ ਦੀ ਰਾਤ ਨੂੰ ਸਾਢੇ 5 ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਗਰੰਟੀ ਐਕਟ ਅਤੇ ਕਰਜ਼ਾ ਮੁਆਫ਼ੀ ਬਾਰੇ ਸਹਿਮਤੀ ਨਹੀਂ ਬਣ ਸਕੇ। ਇਸ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ।
ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰ ‘ਤੇ ਇਕੱਠੇ ਹੋਣ ਲਈ ਕਿਹਾ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਸਰਕਾਰ ਦੇ ਮਨ ਵਿੱਚ ਖੋਟ ਹੈ। ਉਹ ਸਿਰਫ ਸਮਾਂ ਪਾਸ ਕਰਨਾ ਚਾਹੁੰਦੀ ਹੈ। ਅਸੀਂ ਸਰਕਾਰ ਦੇ ਪ੍ਰਸਤਾਵ ‘ਤੇ ਵਿਚਾਰ ਕਰਾਂਗੇ, ਪਰ ਅੰਦੋਲਨ ‘ਤੇ ਕਾਇਮ ਰਹਾਂਗੇ।
ਚਾਲੇ ਪਾਉਣ ਤੋਂ ਪਹਿਲਾਂ ਪੰਧੇਰ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਦਿੱਲੀ ਕੂਚ ਕਰ ਰਹੇ ਹਾਂ ਪਰ ਸਰਕਾਰ ਨਾਲ ਕਿਸੇ ਵੀ ਤਰੀਕੇ ਦਾ ਟਕਰਾਰ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਸਰਕਾਰ ਨੇ ਦੋ ਸਾਲ ਪਹਿਲਾਂ ਸਾਡੀਆਂ ਮੰਗਾਂ ਮੰਨੀਆਂ ਸਨ ਪਰ ਹੁਣ ਉਹ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦੇਣ ਤੋਂ ਇਨਕਾਰੀ ਹੋ ਗਈ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਇਸ ਕਰ ਕੇ ਫੇਲ੍ਹ ਹੋਈ ਕਿਉਂਕਿ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਹਨਾਂ ਦੀ ਪ੍ਰੈਸ ਕਾਨਫਰੰਸ ਉਪਰੰਤ ਟਰੈਕਟਰ ਟਰਾਲੀਆਂ ਲੈ ਕੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਹੈ। ਇਥੋਂ ਸੈਂਕੜੇ ਦੀ ਗਿਣਤੀ ਵਿਚ ਟਰਾਲੀਆਂ ਲੈ ਕੇ ਕਿਸਾਨ ਰਵਾਨਾ ਹੋ ਰਹੇ ਹਨ ਜਿਹਨਾਂ ਨੇ 6-6 ਮਹੀਨੇ ਦਾ ਰਾਸ਼ਨ ਆਪਣੇ ਕੋਲ ਰੱਖਿਆ ਹੈ।
ਅੱਗੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ “ਕਾਂਗਰਸ ਪਾਰਟੀ ਸਾਨੂੰ ਸਾਥ ਨਹੀਂ ਦਿੰਦੀ, ਅਸੀਂ ਕਾਂਗਰਸ ਨੂੰ ਵੀ ਓਨ੍ਹੀ ਹੀ ਜ਼ਿੰਮੇਵਾਰ ਸਮਝਦੇ ਹਾਂ ਜਿੰਨ੍ਹੀ ਕਿ ਭਾਜਪਾ ਨੂੰ, ਕਿਸੇ ਦਾ ਪੱਖ ਨਹੀਂ ਪੂਰਦੇ, ਅਸੀਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਹਾਂ…”