ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਇੱਕ ਫੋਨ ਕਾਲ ਦੀ ਇੱਕ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਬਹਿਬਲ ਕਲਾਂ ਗੋਲੀ ਕਾਂਡ ‘ਚ ਮਾਰੇ ਗਏ ਪੀੜਤ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਨ੍ਹਾਂ ‘ਤੇ ਗੰਭੀਰ ਇਲਜ਼ਾਮ ਲਾ ਰਹੇ ਹਨ ਅਤੇ ਨਾਲ ਹੀ ਸੁਖਰਾਜ ਸਿੰਘ ਵੱਲੋਂ ਬਰਗਾੜੀ ਇਨਸਾਫ ਮੋਰਚਾ ਦੇ ਲੈਟਰ ਹੈੱਡ ‘ਤੇ ਜਾਰੀ ਕੀਤੇ ਗਏ ਇੱਕ ਬਿਆਨ ‘ਚ ਸੁਖਰਾਜ ਸਿੰਘ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਉਨ੍ਹਾਂ ਨੂੰ ਡਰਾ-ਧਮਕਾ ਰਿਹਾ ਹੈ।
ਕੀ ਕਹਿਣਾ ਹੈ ਸੁਖਰਾਜ ਦਾ…….
ਬਹਿਬਲ ਗੋਲੀ ਕਲਾਂ ਕਾਂਡ ‘ਚ ਮਾਰੇ ਗਏ ਪੀੜਤ ਦੇ ਬੇਟੇ ਸੁਖਰਾਜ ਸਿੰਘ ਨੇ ਬਰਗਾੜੀ ਇਨਸਾਫ ਮੋਰਚਾ ਦੇ ਲੈਟਰ ਹੈੱਡ ‘ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਮਾੜੇ ਇਰਾਦੇ ਨਾਲ ਜਿਹੜੇ ਕਦੇ ਬਹਿਬਲ ਕਲਾਂ ਆਏ ਹੀ ਨਹੀਂ ਹਨ ਉਨ੍ਹਾਂ ਲੋਕਾਂ ਨੂੰ ਗਲਤ ਢੰਗ ਨਾਲ ਫਸਾਉਣ ਲਈ ਮੁੱਖ ਦੋਸ਼ੀ ਇੰਸਪੈਕਟਰ ਪ੍ਰਦੀਪ ਨੂੰ ਝੂਠਾ ਵਾਅਦਾ ਮੁਆਫ ਗਵਾਹ ਬਣਾਇਆ ਹੈ। ਉਸ ਦੇ ਖਿਲਾਫ ਸਾਡੇ ਵੱਲੋਂ ਅਦਾਲਤ ‘ਚ ਦਿੱਤੀ ਅਰਜ਼ੀ ਨੂੰ ਵਾਪਿਸ ਕਰਵਾਉਣ ਲਈ ਉਹ ਉਸ ‘ਤੇ ਅਤੇ ਉਸ ਦੇ ਪਰਿਵਾਰ ‘ਤੇ ਦਬਾਅ ਬਣਾ ਰਿਹਾ ਹੈ ਅਤੇ ਸਾਡਾ ਨੁਕਸਾਨ ਕਰਨ ਲਈ ਧਮਕੀਆਂ ਵੀ ਦੇ ਰਿਹਾ ਹੈ। ਇਹ ਬੰਦਾ ਸਾਡਾ ਸਾਡੇ ਇਸ ਕੇਸ ਨੂੰ ਵਰਤ ਕੇ ਐਮ ਐਲ ਏ ਬਣ ਗਿਆ ਅਤੇ ਸਾਡੇ ਕੇਸ ਨੂੰ ਦੁਨੀਆਭਰ ਦਾ ਝੂਠ ਲਿਖਕੇ ਬੁਰੀ ਤਰ੍ਹਾਂ ਉਲਝਾ ਗਿਆ। ਸੱਚ ਜ਼ਰੂਰ ਸਾਹਮਣੇ ਆਵੇਗਾ, ਪਰ ਸਮਾਂ ਲੱਗ ਸਕਦਾ ਹੈ। ਸਾਡੇ ਕੇਸਾਂ ‘ਚ ਝੂਠ ਦਾ ਜਾਲ ਬੁਣ ਕੇ ਸਿਆਸੀ ਲਾਭ ਖੱਟਣ ਵਾਲੇ ਨੂੰ ਇਸ ਦੁਨਿਆਵੀ ਅਤੇ ਉਸ ਪਰਮਾਤਮਾ ਦੀ ਅਦਾਲਤ ‘ਚ ਜ਼ਰੂਰ ਜੁਆਬ ਦੇਣਾ ਪਵੇਗਾ। ਅੱਗੇ ਸੁਖਰਾਜ ਸਿੰਘ ਨੇ ਕਿਹਾ ਕਿ ਉਸ ਨੂੰ ਡਰਾਉਣ-ਧਮਕਾਉਣ ਦੀ ਆਡੀਓ ਵੀ ਸਬੂਤ ਵੱਜੋਂ ਪੇਸ਼ ਕਰ ਰਿਹਾ ਹਾਂ।
ਡਰਾਉਣ-ਧਮਕਾਉਣ ਦੀ ਆਡੀਓ……..
ਕੁਮਰ ਵਿਜੇ ਪ੍ਰਤਾਪ ਤੋਂ ਕਿਉਂ ਖਹਿੜਾ ਛੁਡਾ ਰਹੇ ਨੇ ਲੋਕ…….
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਕਾਂਡ ‘ਤੇ ਜਾਂਚ ਕੀਤੀ ਸੀ ਲੇਕਿਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਉਸ ਜਾਂਚ ਨੂੰ ਖਤਮ ਹੀ ਨਹੀਂ ਕੀਤਾ ਸਗੋਂ ਕੁੰਵਰ ਵਿਜੇ ਪ੍ਰਤਾਪ ‘ਤੇ ਗੰਭੀਰ ਟਿੱਪਣੀਆਂ ਵੀ ਕੀਤੀਆਂ ਸਨ। ਇਸ ਸਾਰੇ ਮਾਮਲੇ ਨੂੰ ਕੁੰਵਰ ਵਿਜੇ ਪ੍ਰਤਾਪ ਨੇ ਰਾਜਨੀਤੀ ਦਾ ਅਖਾੜਾ ਬਣਾ ਕੇ ਆਮ ਆਦਮੀ ਪਾਰਟੀ ਤੋਂ ਚੋਣ ਜਿੱਤ ਲਈ ਸੀ, ਹਾਲਾਂਕਿ ਚੋਣ ਜਿੱਤਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਆਸ ਸੀ ਕਿ ਉਸ ਨੂੰ ਸੂਬੇ ਦਾ ਗ੍ਰਹਿ ਮੰਤਰੀ ਬਣਾਇਆ ਜਾਵੇਗਾ। ਪਰ ਆਮ ਆਦਮੀ ਪਾਰਟੀ ਨੇ ਗ੍ਰਹਿ ਮੰਤਰੀ ਤਾਂ ਇੱਕ ਪਾਸੇ ਕੋਈ ਹੋਰ ਵਜ਼ਾਰਤ ਵੀ ਨਾ ਦੇ ਕੇ ਕੁੰਵਰ ਵਿਜੇ ਪ੍ਰਤਾਪ ਨੂੰ ਨੁੱਕਰੇ ਲਾਇਆ ਹੋਇਆ ਹੈ, ਪਰ ਫੇਰ ਵੀ ਉਹ ਲਗਾਤਾਰ ਬਰਗਾੜੀ ਮੁੱਦੇ ‘ਤੇ ਰਾਜਨੀਤੀ ਦੀਆਂ ਰੋਟੀਆਂ ਛੇਕ ਰਹੇ ਹਨ। ਇੱਥੋਂ ਤੱਕ ਕਿ ਉਹ ਇਸ ਮਾਮਲੇ ‘ਤੇ ਭਗਵੰਤ ਮਾਨ ‘ਤੇ ਵੀ ਲਗਾਤਾਰ ਨਿਸ਼ਾਨਾ ਲਾ ਰਹੇ ਹਨ ਅਤੇ ਆਪਣੇ ਆਪ ਨੂੰ ਉਹ ਬਰਗਾੜੀ ਵਾਲੇ ਮਾਮਲੇ ‘ਚ ਕੇਂਦਰ ਬਿੰਦੂ ‘ਚ ਰੱਖ ਰਹੇ ਹਨ। ਹਲਾਂਕਿ ਜਿਸ-ਜਿਸ ਤਰ੍ਹਾਂ ਲੋਕਾਂ ਨੂੰ ਕੁੰਵਰ ਵਿਜੇ ਪ੍ਰਤਾਪ ਦੀ ਅਸਲੀਅਤ ਸਾਹਮਣੇ ਆਉਂਦੀ ਦਿਸ ਰਹੀ ਹੈ, ਉਸ ਦੇ ਚੱਲਦਿਆਂ ਲੋਕ ਅਤੇ ਇੱਥੋਂ ਤੱਕ ਕਿ ਬਰਗਾੜੀ ਕਾਂਡ ਦੀਆਂ ਇਨਸਾਫ ਮੰਗ ਰਹੀਆਂ ਧਿਰਾਂ ਵੀ ਉਸ ਦਾ ਸਾਥ ਛੱਡ ਰਹੀਆਂ ਹਨ, ਜਿਸ ਕਾਰਨ ਇਹ ਬੁਖਾਲਾਹਟ ‘ਚ ਆਏ ਹੋਏ ਹਨ। ਇਹ ਜਿਹੜੀ ਧਮਕੀ ਭਰੀ ਕਾਲ ਸੁਖਰਾਜ ਸਿੰਘ ਨੂੰ ਕੀਤੀ ਹੈ ਇਹ ਵੀ ਉਸੀ ਬੁਖਾਲਾਹਟ ਦਾ ਹੀ ਨਤੀਜਾ ਹੈ।