ਜਲੰਧਰ ‘ਚ ਸੂਰਜੀ ਊਰਜਾ ਨਾਲ ਰੁਸ਼ਨਾਉਣਗੇ ਸਰਕਾਰੀ ਦਫ਼ਤਰ
ਜਲੰਧਰ- ਪੰਜਾਬ ਸਰਕਾਰ ਵਲੋਂ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਤਹਿਤ ਨਵੀਂ ਪੁਲਾਂਘ ਪੁੱਟਦਿਆਂ ਸਰਕਾਰੀ ਇਮਾਰਤਾਂ ‘ਤੇ ਸੋਲਰ ਊਰਜਾ ਪੈਨਲ ਲਗਾਏ ਜਾ ਰਹੇ ਹਨ, ਤਾਂ ਜੋ ਸੌਰ ਊਰਜਾ ਨਾਲ ਸਰਕਾਰੀ ਦਫ਼ਤਰ ਰੁਸ਼ਨਾ ਸਕਣ। ਅਜ਼ਾਦੀ ਦਿਹਾੜੀ ‘ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਸੋਲਰ ਊਰਜਾ ਪੈਨਲ ਲਗਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੀਆਂ 21 ਸਰਕਾਰੀ ਇਮਾਰਤਾਂ ‘ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪੈਨਲ ਲਗਾਏ ਜਾ ਰਹੇ ਹਨ। ਉਨਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਜ਼ਾਦੀ ਦਿਹਾੜੇ ‘ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 300 ਕਿਲੋਵਾਟ ਦਾ ਸੋਲਰ ਊਰਜਾ ਪੈਨਲ ਲਗਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀਆਂ 21 ਸਰਕਾਰੀ ਇਮਾਰਤਾਂ ‘ਤੇ ਇਹ ਸੋਲਰ ਊਰਜਾ ਪੈਨਲ ਲਗਾਏ ਜਾ ਰਹੇ ਹਨ, ਜਿਨਾਂ ਵਿਚੋਂ ਉਕਤ ਸਮੇਤ 12 ਸਰਕਾਰੀ ਇਮਾਰਤਾਂ ‘ਤੇ ਲਗਾਏ ਜਾ ਚੁੱਕੇ ਹਨ।