ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ, ਚੰਡੀਗੜ੍ਹ ——- ਪੰਜਾਬ ਸਰਕਾਰ ਇਸ ਸਮੇਂ ਬੜੀ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ, ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗਮਾਂਡਾ ਦੀਆਂ ਕਰੀਬ 2800 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਫਾਈਲਾਂ ਇਸ ਵਕਤ ਚੀਫ ਸੈਕਟਰੀ ਪੰਜਾਬ ਅਨੁਰਾਗ ਵਰਮਾ ਦੇ ਆਫਿਸ ਵਿੱਚ ਅਟਕੀਆਂ ਹੋਈਆਂ ਹਨ, ਕਿਉਂਕਿ ਉਹ ਇਹਨਾਂ ਫਾਈਲਾਂ ਤੇ ਸਾਈਨ ਨਹੀਂ ਕਰ ਰਹੇ, ਜਿਸ ਕਰਕੇ ਗਮਾਡਾ ਦੇ ਕਈ ਸੌ ਕਰੋੜ ਦੇ ਪ੍ਰੋਜੈਕਟ ਲਟਕ ਗਏ ਹਨ ਅਤੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਬੇਹੱਦ ਕਸੂਤੀ ਸਥਿਤੀ ਵਿੱਚ ਫੱਸ ਗਈ ਹੈ।

ਹਾਲਾਂਕਿ ਚੀਫ ਸੈਕਟਰੀ ਅਨੁਰਾਗ ਵਰਮਾ ਇਹਨਾਂ ਫਾਈਲਾਂ ਤੇ ਸਾਈਨ ਕਿਉਂ ਨਹੀਂ ਕਰ ਰਹੇ, ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕੱਲੇ ਚੀਫ ਸੈਕਟਰੀ ਅਨੁਰਾਗ ਵਰਮਾ ਹੀ ਨਹੀਂ ਬਲਕਿ ਕਈ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਕਈ ਮਹੱਤਵਪੂਰਨ ਫਾਈਲਾਂ ਤੇ ਸਾਈਨ ਕਰਨ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ, ਅਜਿਹਾ ਇਸ ਗੱਲ ਕਰਕੇ ਹੋ ਰਿਹਾ ਹੈ, ਕਿਉਂਕਿ ਪੰਜਾਬ ਦੀ ਪੂਰੀ ਬਿਊਰੋਕਰੇਸੀ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇੱਥੇ ਹੀ ਨਹੀਂ ਦਿੱਲੀ ਵੱਲੋਂ ਕੀਤੀ ਜਾ ਰਹੀ ਵੱਡੀ ਪੱਧਰ ਤੇ ਦਖ਼ਲ ਅੰਦਾਜੀ ਵੀ ਇੱਕ ਕਾਰਨ ਬਣ ਰਹੀ ਹੈ। ਇੱਕ ਆਈਏਐਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ “ਦਾ ਐਡੀਟਰ ਨਿਊਜ਼” ਨਾਲ ਕਈ ਅੰਦਰਲੇ ਅਹਿਮ ਖੁਲਾਸੇ ਕੀਤੇ ਹਨ ਅਤੇ ਉਨਾਂ ਦੱਸਿਆ ਕਿ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਲਪੇਟਿਆ ਜਾ ਰਿਹਾ ਹੈ ਅਤੇ ਅਫਸਰਾਂ ਦਾ ਮੰਨਣਾ ਹੈ ਕਿ ਅਉਂਦੇ ਸਮੇਂ ਜਦ ਸਰਕਾਰ ਬਦਲ ਦੀ ਹੈ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਕੋਈ ਵੀ ਅਧਿਕਾਰੀ ਵਿਜੀਲੈਂਸ ਦੇ ਨਾਲ-ਨਾਲ ਕਿਸੇ ਹੋਰ ਝਮੇਲੇ ਵਿੱਚ ਵੀ ਨਹੀਂ ਫਸਣਾ ਚਾਹੁੰਦੇ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਇਸ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਬਾਅਦ ਜਦ ਪੰਜਾਬ ਵਿੱਚ ਸਰਕਾਰ ਬਦਲੇਗੀ ਤਾਂ ਇਸ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੀਆਂ ਫਾਈਲਾਂ ਵੀ ਉਸ ਸਮੇਂ ਵਿਜੀਲੈਂਸ ਵੱਲੋਂ ਖੋਲ੍ਹੀਆਂ ਜਾਣਗੀਆਂ।
ਗਮਾਂਡਾ ਦੇ ਮਾਮਲੇ ਤੇ ਖੱਲਬਲੀ
ਪੰਜਾਬ ਸਰਕਾਰ ਦੀ ਫਾਇਨੈਂਸ਼ੀਅਲ ਹਾਲਤ ਪਹਿਲਾਂ ਹੀ ਖਸਤਾ ਹੋ ਚੁੱਕੀ ਹੈ ਗਮਾਂਡਾ ਅਤੇ ਪੁੱਡਾ ਸਰਕਾਰ ਦੀਆਂ ਦੋ ਵੱਡੀਆਂ ਅਜਿਹੀਆਂ ਏਜੰਸੀਆਂ ਹਨ, ਜਿਸ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ ਮਿਲਦਾ ਹੈ ਅਤੇ ਹੁਣ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ 2800 ਕਰੋੜ ਰੁਪਏ ਦੇ ਗਮਾਂਡਾਂ ਦੇ ਪ੍ਰੋਜੈਕਟਾਂ ਦੀਆਂ ਫਾਈਲਾਂ ਤੇ ਸਾਈਨ ਨਾ ਕੀਤੇ ਜਾਣ ਕਾਰਨ ਸਰਕਾਰ ਅੰਦਰ ਖੱਲਬਲੀ ਮਚੀ ਹੋਈ ਹੈ ਅਤੇ ਇਸ ਦਾ ਹੱਲ ਲੱਭਣ ਲਈ ਸਰਕਾਰ ਚਾਰਾਜੋਈ ਕਰ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਆਉਂਦੇ ਕੁਝ ਦਿਨਾਂ ਵਿੱਚ ਕੇਂਦਰ ਵਿੱਚ ਗਏ ਕੁਝ ਆਈਏਐਸ ਅਫਸਰਾਂ ਨੂੰ ਵਾਪਸ ਬੁਲਾਉਣ ਜਾ ਰਹੀ ਹੈ, ਜਿਸ ਵਿੱਚ ਇੱਕ ਅਫਸਰ ਨੇ ਤਾਂ ਵਾਪਸ ਆਉਣ ਲਈ ਹਾਮੀ ਵੀ ਭਰ ਦਿੱਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਂਦੇ ਕੁਝ ਦਿਨਾਂ ਵਿੱਚ ਸਰਕਾਰ ਗ੍ਰਹਿ ਸੈਕਟਰੀ ਨੂੰ ਵੀ ਬਦਲਣ ਬਾਰੇ ਵਿਚਾਰ ਕਰ ਰਹੀ ਹੈ ਅਤੇ ਇਹਨਾਂ ਫਾਈਲਾਂ ਨੂੰ ਚੀਫ ਸੈਕਟਰੀ ਤੋਂ ਬਾਈਪਾਸ ਕਰਕੇ ਕਿਸੇ ਹੋਰ ਆਈਏਐਸ ਅਧਿਕਾਰੀ ਦੀ ਡਿਊਟੀ ਲਗਾ ਕੇ ਉਸ ਤੋਂ ਸਾਈਨ ਕਰਵਾ ਕੇ ਸਿੱਧੀਆਂ ਸੀਐਮ ਭਗਵੰਤ ਮਾਨ ਨੂੰ ਭੇਜੇ ਜਾਣ ਦਾ ਰਸਤਾ ਵੀ ਲੱਭਿਆ ਜਾ ਰਿਹਾ ਹੈ। ਹਾਲਾਂਕਿ ਅਨੁਰਾਗ ਵਰਮਾ ਬਾਰੇ ਪਹਿਲਾਂ ਵੀ ਇਹ ਚਰਚਾ ਰਹੀ ਹੈ ਕਿ ਉਹ ਘੱਟ ਹੀ ਫਾਈਲਾਂ ਤੇ ਸਾਈਨ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜਦ ਅਨੁਰਾਗ ਵਰਮਾ ਲੁਧਿਆਣਾ ਦੇ ਡੀਸੀ ਹੋਇਆ ਕਰਦੇ ਸਨ ਤਾਂ ਉਸ ਵਕਤ ਵੀ ਉਹ ਘੱਟ ਹੀ ਸਾਈਨ ਕਰਦੇ ਸਨ ਅਤੇ ਉਨਾਂ ਨੇ ਸਾਰੇ ਅਖਤਿਆਰ ਹੇਠਲੇ ਅਧਿਕਾਰੀਆਂ ਨੂੰ ਦਿੱਤੇ ਹੋਏ ਸਨ।
ਨਹੀਂ ਪੁੱਜੇ ਗਮਾਂਡਾ ਦੀ ਮੀਟਿੰਗ ਵਿੱਚ ਚੀਫ ਸੈਕਟਰੀ
ਪਿਛਲੇ ਕੁਝ ਦਿਨਾਂ ਤੋਂ ਗਮਾਂਡਾ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰਨ ਦੇ ਮਾਮਲੇ ਵਿੱਚ ਕਈ ਵੱਡੇ ਸਕੈਂਡਲਾਂ ਹੋਣ ਦੀਆਂ ਚਰਚਾ ਜ਼ੋਰਾਂ ‘ਤੇ ਹੈ ਅਤੇ ਕਈ ਕਿਸਾਨਾਂ ਨੇ ਆਪਣੇ ਨਾਲ ਹੋਈ ਗਮਾਂਡਾ ਵੱਲੋਂ ਠੱਗੀ ਸਬੰਧੀ ਪੰਜਾਬ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਾਂ ਕੀਤੀਆਂ ਸਨ, ਹਾਲਾਂਕਿ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਹੱਥ ਪਾਉਣ ਤੋਂ ਨਾ ਕਰ ਦਿੱਤੀ ਹੈ ਅਤੇ ਗਮਾਂਡਾ ਨੂੰ ਹੀ ਕਾਰਵਾਈ ਕਰਨ ਲਈ ਕਿਹਾ ਹੈ ਇਸ ਸਬੰਧੀ ਪਿਛਲੇ ਦਿਨੀ ਗਮਾਂਡਾਂ ਦੇ ਆਫਿਸ ਵਿੱਚ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਅਨੁਰਾਗ ਵਰਮਾ ਨੇ ਸ਼ਾਮਿਲ ਹੋਣਾ ਸੀ ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਉਹ ਮੀਟਿੰਗ ਵਿੱਚ ਨਹੀਂ ਪੁੱਜੇ ਜਿੱਥੇ ਕਿਸਾਨਾਂ ਨੇ ਇਹਨਾਂ ਨੂੰ ਸਿੱਧੇ ਤੌਰ ਤੇ ਗਮਾਂਡਾਂ ਵਿੱਚ ਹੋ ਰਹੀ ਠੱਗੀ ਦੇ ਸਬੰਧ ਵਿੱਚ ਸ਼ਿਕਾਇਤਾਂ ਦੇਣੀਆਂ ਸਨ, ਹੁਣ ਚਰਚਾ ਇਹ ਚੱਲ ਰਹੀ ਹੈ ਕਿ ਆਖਿਰਕਾਰ ਚੀਫ ਸੈਕਟਰੀ ਇਸ ਮੀਟਿੰਗ ਵਿੱਚ ਕਿਉਂ ਨਹੀਂ ਪੁੱਜੇ।
ਗਮਾਡਾ ਦੇ ਪ੍ਰੋਜੈਕਟਾਂ ਸਬੰਧੀ ਗਮਾਂਡਾ ਦੇ ਕਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਅਤੇ ਕੋਈ ਵੀ ਅਧਿਕਾਰੀ ਇਸ ਮਾਮਲੇ ਤੇ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ, ਇਸ ਸਬੰਧੀ ਜਦ ਚੀਫ ਸੈਕਟਰੀ ਅਨੁਰਾਗ ਵਰਮਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਸੰਪਰਕ ਨਹੀਂ ਹੋ ਸਕਿਆ।