ਦਾ ਐਡੀਟਰ ਨਿਊਜ਼, ਜਲੰਧਰ —- ਜਲੰਧਰ ‘ਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਦੋ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਹਨ, ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮੁਕਾਬਲਾ ਨਾਖਾ ਵਾਲੇ ਬਾਗ ਦੇ ਨਾਲ ਲੱਗਦੀ ਗੁਲਮੋਹਰ ਕਾਲੋਨੀ ਦੇ ਅੰਦਰ ਹੋਇਆ। ਇਹ ਇਲਾਕਾ ਭਾਰਗਵ ਕੈਂਪ ਥਾਣੇ ਅਧੀਨ ਆਉਂਦਾ ਹੈ। ਜ਼ਖਮੀ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਸੀਆਈਏ ਦੀ ਟੀਮ ਭਗੌੜਿਆਂ ਦੀ ਸੂਚਨਾ ‘ਤੇ ਛਾਪੇਮਾਰੀ ਕਰਨ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ ਹਨ। ਪੁਲੀਸ ਸੂਤਰਾਂ ਅਨੁਸਾਰ ਇਹ ਦੋਵੇਂ ਗੈਂਗਸਟਰ ਕਤਲ ਅਤੇ ਸੁਪਾਰੀ ਦੇਣ ਦੇ ਮਾਮਲੇ ਵਿੱਚ ਸ਼ਾਮਲ ਹਨ।
ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਹਨ। ਪੁਲੀਸ ਨੇ 2 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁਲਜ਼ਮ ਜਲੰਧਰ ਸਿਟੀ ਪੁਲੀਸ ਕੋਲ ਦਰਜ ਕਈ ਕੇਸਾਂ ਵਿੱਚ ਭਗੌੜੇ ਸਨ।
ਐਤਵਾਰ ਸਵੇਰੇ ਸੂਚਨਾ ਮਿਲੀ ਕਿ ਦੋ ਦੋਸ਼ੀ ਉਸ ਜਗ੍ਹਾ ‘ਤੇ ਲੁਕੇ ਹੋਏ ਹਨ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਮੌਕੇ ਦੀ ਘੇਰਾਬੰਦੀ ਕਰ ਲਈ। ਪੁਲਸ ਨੂੰ ਦੇਖਦੇ ਹੀ ਦੋਸ਼ੀ ਨੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਦੋਵੇਂ ਦੋਸ਼ੀ ਜ਼ਖਮੀ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹਥਿਆਰ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ।