ਦਾ ਐਡੀਟਰ ਨਿਊਜ਼, ਟੋਰਾਂਟੋ/ਚੰਡੀਗੜ੍ਹ ——- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਇੱਕ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ, ਇਸ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਜਦ ਇਹ ਦੋਵੇਂ ਆਗੂ 17 ਜਨਵਰੀ ਨੂੰ ਕੈਨੇਡਾ ਦੇ ਟਰੋਂਟੋ ਏਅਰਪੋਰਟ ਤੇ ਪੁੱਜੇ ਤਾਂ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਦੋਆ ਨੂੰ ਪੰਜਾਬ ਦੇ ਇੱਕ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ ਕਰਕੇ ਏਅਰਪੋਰਟ ਤੇ ਰੋਕ ਲਿਆ ਗਿਆ, ਜਿੱਥੇ ਉਹਨਾਂ ਦੀ ਖੁਲਾਸੀ ਸੱਤ ਘੰਟਿਆਂ ਬਾਅਦ ਰੋਪੜ ਦੇ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਵੱਲੋਂ ਭੇਜੇ ਗਏ ਇੱਕ ਵਿਵਾਦਤ ਚਿੱਠੀ ਤੋਂ ਬਾਅਦ ਹੋਈ, ਜਿਸ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਐਸਐਸਪੀ ਰੋਪੜ ਨੇ ਬੱਚੇ ਨਾਲ ਬਦਫੈਲੀ ਵਾਲੇ ਮਾਮਲੇ ਨੂੰ ਲਕੋ ਲਿਆ, ਕਿਉਂਕਿ ਇਸ ਮਾਮਲੇ ਵਿੱਚ ਦਰਜ ਕੀਤੀ ਗਈ ਡੀਡੀਆਰ ਅਜੇ ਵੀ ਬਰਕਰਾਰ ਹੈ। ਬੇਹਦ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਆਗੂ 16 ਜਨਵਰੀ ਨੂੰ ਇਥੋਂ ਕੈਨੇਡਾ ਨੂੰ ਰਵਾਨਾ ਹੋਏ, ਜਦ ਇਹ ਅੰਟਾਰੀਓ ਦੇ ਟੋਰਾਂਟੋ ਏਅਰਪੋਰਟ ਤੇ ਪੁੱਜੇ ਤਾਂ ਅਮਰਜੀਤ ਸਿੰਘ ਸੰਦੋਆ ਨੂੰ ਇੱਕ ਬੱਚੇ ਨਾਲ ਬਦਫੈਲੀ ਕਰਨ ਦੇ ਮਾਮਲੇ ਕਰਕੇ ਰੋਕ ਲਿਆ ਗਿਆ ਜਦ ਕਿ ਉਸ ਵਕਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਉਹਨਾਂ ਦੇ ਨਾਲ ਰੁਕੇ ਰਹੇ ਤਕਰੀਬਨ ਸੱਤ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ।
ਆਖਰ ਮਾਮਲਾ ਕੀ ਹੈ……
ਰੋਪੜ ਤੋਂ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਦੋਆ 2010 ਵਿੱਚ ਦਿੱਲੀ ਵਿੱਚ ਟੈਕਸੀ ਚਲਾਉਂਦੇ ਸਨ ਤਾਂ ਰੋਪੜ ਤੋਂ ਹੀ ਇੱਕ ਬੱਚਾ ਇਹਨਾਂ ਪਾਸ ਟੈਕਸੀ ਸਿੱਖਣ ਲਈ ਦਿੱਲੀ ਗਿਆ ਜੋ ਕਿ ਸੰਦੋਆ ਦੇ ਨਾਲ ਹੀ ਰਹਿੰਦਾ ਸੀ ਇਸ ਦੌਰਾਨ ਉਹ ਬੱਚਾ ਨਠ ਕੇ ਰੋਪੜ ਦੇ ਇੱਕ ਹਸਪਤਾਲ ਵਿੱਚ ਦਾਖਲ ਹੋ ਜਾਂਦਾ ਹੈ ਜਿੱਥੇ ਉਸ ਬੱਚੇ ਦੀ ਮੈਡੀਕਲ ਰਿਪੋਰਟ ਸਾਹਮਣੇ ਆਉਂਦੀ ਹੈ ਜਿਸ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਜਿੱਥੇ ਇਸ ਬੱਚੇ ਨਾਲ ਕੁੱਟਮਾਰ ਹੋਈ ਹੈ , ਉੱਥੇ ਹੀ ਉਸ ਨਾਲ ਬਦਫੈਲੀ ਵੀ ਹੋਈ ਸੀ ਲੇਕਿਨ ਬਾਅਦ ਵਿੱਚ ਇਹਨਾਂ ਦੋਵਾਂ ਧਿਰਾਂ ਦਾ ਰਾਜੀਨਾਮਾ ਹੋ ਜਾਂਦਾ ਹੈ ਅਤੇ ਉਸ ਰਾਜੀਨਾਮੇ ਦੇ ਆਧਾਰ ਤੇ ਰੋਪੜ ਵਿੱਚ ਇੱਕ ਡੀਡੀਆਰ ਕੱਟੀ ਗਈ ਜਿਸ ਵਿੱਚ ਇਹ ਸਾਰੇ ਤੱਥ ਸਾਹਮਣੇ ਆ ਗਏ ਹਾਲਾਂਕਿ ਉਸ ਵਕਤ ਰੋਪੜ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਕੁਤਾਹੀ ਕੀਤੀ ਕਿ ਇਸ ਮਾਮਲੇ ਨੂੰ ਦਿੱਲੀ ਪੁਲਿਸ ਦੇ ਹਵਾਲੇ ਨਹੀਂ ਕੀਤਾ ਕਿਉਂਕਿ ਜੁਰਮ ਦਿੱਲੀ ਦੀ ਹਦੂਦ ਅੰਦਰ ਹੋਇਆ ਸੀ ਅਤੇ ਆਪਣੇ ਪੱਧਰ ਤੇ ਹੀ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਜਦ ਕਿ ਅੱਜ ਦੀ ਤਰੀਕ ਵਿੱਚ ਵੀ ਉਹ ਡੀਡੀਆਰ ਉਸੇ ਤਰ੍ਹਾਂ ਹੀ ਸਟੈਂਡ ਕਰ ਰਹੀ ਹੈ।
ਆਖਰ ਐਸਐਸਪੀ ਨੇ ਕਿਉਂ ਜਾਰੀ ਕੀਤੀ ਵਿਵਾਦਤ ਚਿੱਠੀ
ਦੱਸਿਆ ਜਾ ਰਿਹਾ ਹੈ ਕਿ 2018 ਵਿੱਚ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾਂ ਇਕੱਠੇ ਕੈਨੇਡਾ ਗਏ ਸਨ ਤਾਂ ਉਸ ਵਕਤ ਸੰਦੋਆ ਨੂੰ ਇਸ ਮਾਮਲੇ ਕਰਕੇ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਇਸ ਵਾਰ ਸੰਧਵਾਂ ਵਿਧਾਨ ਸਭਾ ਦੇ ਸਪੀਕਰ ਹਨ ਤਾਂ ਉਨਾਂ ਨੇ ਕੈਨੇਡਾ ਤੋਂ ਇਸ ਮਾਮਲੇ ਲਈ ਰੋਪੜ ਦੇ ਐਸਐਸਪੀ ਨਾਲ ਗੱਲਬਾਤ ਕੀਤੀ ਇੱਥੇ ਇਹ ਗੱਲ ਕਰਨੀ ਜ਼ਿਕਰਯੋਗ ਹੈ ਕਿ ਸੰਦੋਆ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੋਇਆ ਸੀ ਜਿਸ ਨੂੰ ਬਾਅਦ ਵਿੱਚ ਹਾਈਕੋਰਟ ਨੇ ਖਤਮ ਕਰ ਦਿੱਤਾ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਐਸਪੀ ਨੇ ਉਸ ਐਫਆਈਆਰ ਦਾ ਹਵਾਲਾ ਦੇ ਕੇ ਇਹ ਚਿੱਠੀ ਜਾਰੀ ਕਰ ਦਿੱਤੀ ਕਿ ਸੰਦੋਆ ਦੇ ਖਿਲਾਫ ਕੋਈ ਵੀ ਮਾਮਲਾ ਪੈਂਡਿੰਗ ਨਹੀਂ ਹੈ, ਜਦ ਕਿ ਜਿਹੜੀ ਡੀਡੀਆਰ ਅੱਜ ਵੀ ਰੋਪੜ ਵਿੱਚ ਸਟੈਂਡ ਕਰ ਰਹੀ ਹੈ ਭਾਵੇਂ ਕਿ ਉਸ ਦਾ ਰਾਜੀਨਾਮਾ ਵੀ ਹੋ ਚੁੱਕਾ ਹੈ ਉਸ ਡੀਡੀਆਰ ਦਾ ਐਸ ਐਸ ਪੀ ਵੱਲੋਂ ਜ਼ਿਕਰ ਨਹੀਂ ਕੀਤਾ ਗਿਆ।
ਐਸਐਸਪੀ ਨੇ ਮੰਨਿਆ ਜਾਰੀ ਕੀਤੀ ਚਿੱਠੀ
ਇਸ ਸਬੰਧੀ ਜਦ ਰੋਪੜ ਦੇ ਐਸਐਸਪੀ ਗੁਰਨੀਤ ਸਿੰਘ ਖੁਰਾਣਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਉਨਾਂ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ। ਜਦ ਕੇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਰਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਇਹ ਚਿੱਠੀ ਜਾਰੀ ਕੀਤੀ ਗਈ ਹੈ ਅਤੇ ਉਹਨਾਂ ਨੇ ਦਾ ਐਡੀਟਰ ਨਿਊਜ਼ ਨਾਲ ਗੱਲ ਕਰਦਿਆਂ ਵੀ ਹਾਈ ਕੋਰਟ ਤੋਂ ਖਤਮ ਹੋ ਚੁੱਕੇ ਕੇਸ ਦਾ ਜ਼ਿਕਰ ਵੀ ਕੀਤਾ ਹੈ
ਚਿੱਠੀ ਤੋਂ ਬਾਅਦ ਮਿਲੀ ਐਂਟਰੀ
ਪਤਾ ਲੱਗਾ ਹੈ ਕਿ ਅਮਰਜੀਤ ਸਿੰਘ ਸੰਦੋਆ ਨੂੰ ਸੱਤ ਘੰਟੇ ਏਅਰਪੋਰਟ ਉੱਤੇ ਰੋਕਿਆ ਗਿਆ ਅਤੇ ਐਸਐਸਪੀ ਵੱਲੋਂ ਜਾਰੀ ਕੀਤੀ ਗਈ ਚਿੱਠੀ ਤੋਂ ਬਾਅਦ ਹੀ ਸੰਦੋਆ ਨੂੰ ਕੈਨੇਡਾ ਵਿੱਚ ਐਂਟਰੀ ਮਿਲੀ ਜਦ ਕਿ 2018 ਵਿੱਚ ਇਸੇ ਵਜ੍ਹਾ ਕਰਕੇ ਹੀ ਸੰਦੋਆ ਨੂੰ ਡਿਪੋਰਟ ਕੀਤਾ ਗਿਆ ਸੀ ਉਸ ਵਕਤ ਇਹ ਮਾਮਲਾ ਕਾਫੀ ਸੁਰਖੀਆਂ ਵਿੱਚ ਰਿਹਾ ਸੀ।