ਜਥੇਦਾਰ ਤੇ ਬਾਦਲਾਂ ਨੂੰ ਭੰਡਣ ਵਾਲੇ ਈਸ਼ਰ ਸਿੰਘ ‘ਤੇ ਗਿਆਨੀ ਹਰਪ੍ਰੀਤ ਸਿੰਘ ਮੇਹਰਬਾਨ
ਦਾ ਐਡੀਟਰ ਬਿਊਰੋ, ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਿਟਿੰਗ ਪ੍ਰੈਸ ਵਿਚੋ ਲਾਪਤਾ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੇ ਮਾਮਲੇ ਦੀ ਜਾਂਚ ਐਡਵੋਕੇਟ ਈਸ਼ਰ ਸਿੰਘ ਨੂੰ ਸੌਂਪ ਕੇ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਬੜੀ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ, ਇਸ ਤੋਂ ਪਹਿਲਾ ਜਥੇਦਾਰ ਨੇ ਇਸ ਮਾਮਲੇ ਵਿਚ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਸ਼ਿਕਾਇਤ ਤੇ ਮੰਗ ਤੋਂ ਬਾਅਦ ਇਸ ਕਾਂਡ ਦੀ ਜਾਂਚ ਰਿਟਾਇਰਡ ਜਸਟਿਸ ਨਵਿਤਾ ਸਿੰਘ ਤੇ ਐਡਵੋਕੇਟ ਈਸ਼ਰ ਸਿੰਘ ਨੂੰ ਸੌਂਪੀ ਸੀ ਲੇਕਿਨ ਨਾਟਕੀ ਤਰੀਕੇ ਨਾਲ ਜਸਟਿਸ ਨਵਿਤਾ ਸਿੰਘ ਘਰੇਲੂ ਮਜਬੂਰੀਆਂ ਦਾ ਹਵਾਲਾ ਦਿੰਦੀ ਹੋਈ ਇਸ ਜਾਂਚ ਤੋਂ ਲਾਭੇ ਹੋ ਗਈ ਤੇ ਚਰਚਾ ਇਹ ਹੋਈ ਕਿ ਜਾਂਚ ਵਿਚ ਜਸਟਿਸ ਨਵਿਤਾ ਸਿੰਘ ਦੇ ਸਹਾਇਕ ਵਜੋਂ ਲਗਾਏ ਗਏ ਐਡਵੋਕੇਟ ਈਸ਼ਰ ਸਿੰਘ ਦੀ ਵੱਡੀ ਦਖਲਅੰਦਾਜੀ ਕਰਕੇ ਹੀ ਉਹ ਜਾਂਚ ਤੋਂ ਪਿੱਛੇ ਹਟੀ ਸੀ। ਹੁਣ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜਾਂਚ ਕਰ ਰਹੇ ਈਸ਼ਰ ਸਿੰਘ ਪਹਿਲਾ ਹੀ ਬਾਦਲਾਂ ਦੇ ਕੱਟੜ ਵਿਰੋਧੀ ਰਹੇ ਹਨ ਤੇ ਉਨਾਂ ਦੀਆਂ ਦੋ ਵੀਡੀਓ ਪੰਥਕ ਹਲਕਿਆਂ ਵਿਚ ਵਾਇਰਲ ਹੋ ਰਹੀਆਂ ਹਨ, ਜਿਨਾਂ ਵਿਚ ਇਕ ਉਹ ਵੀਡੀਓ ਹੈ ਜਿਹੜੀ ਕਿ ਬਾਦਲਾਂ ਦੇ ਖਿਲਾਫ ਅੰਮ੍ਰਿਤਸਰ ਵਿਖੇ ਹੋਈ ਪੰਥਕ ਪਾਰਲੀਮੈਂਟ ਦੀ ਹੈ, ਜਿਸ ਵਿਚ ਈਸ਼ਰ ਸਿੰਘ ਦੋ ਵੱਡੀਆਂ ਗੱਲਾਂ ਕਹਿ ਰਹੇ ਹਨ, ਪਹਿਲੀ ਗੱਲ ਕਿ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਬਾਹਰ ਕੀਤਾ ਜਾਵੇ ਪ੍ਰਤੀ ਹੈ ਤੇ ਦੂਸਰੀ ਬਾਦਲਾਂ ਦੇ ਇਸ਼ਾਰੇ ‘ਤੇ ਲਗਾਏ ਜਾ ਰਹੇ ਜਥੇਦਾਰਾਂ ਦਾ ਵਿਰੋਧ ਕੀਤਾ ਜਾਣ ਸਬੰਧੀ ਹੈ, ਦਿਲਚਸਪ ਗੱਲ ਤਾਂ ਇਹ ਹੈ ਕਿ ਵੀਡੀਓ ਵਿਚ ਈਸ਼ਰ ਸਿੰਘ ਜਿਸ ਜਥੇਦਾਰ ਦੀ ਨਿਯੁਕਤੀ ਤੇ ਕਾਰਜਭਾਰ ਸੰਭਾਲਣ ਦੇ ਵਿਰੁੱਧ ਅਦਾਲਤ ਤੋਂ ਸਟੇਅ ਲਿਆਉਣ ਦੀ ਗੱਲ ਕਰ ਰਿਹਾ ਹੈ, ਅਸਲ ਵਿਚ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਹੋਈ ਨਿਯੁਕਤੀ ਤੋਂ ਬਾਅਦ ਕਾਰਜਭਾਰ ਸੰਭਾਲਣ ਦੇ ਵਿਰੁੱਧ ਹੀ ਸਟੇਅ ਦੀ ਗੱਲ ਕਰ ਰਹੇ ਸਨ। ਉੱਥੇ ਦੂਜੀ ਵੀਡੀਓ ਵਿਚ ਈਸ਼ਰ ਸਿੰਘ ਦਾ 2015 ਵਿਚ ਬਾਦਲ ਸਰਕਾਰ ਵਿਰੁੱਧ ਅਮ੍ਰਿਤਸਰ ਦੇ ਨਜਦੀਕ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੌਰਾਨ ਬੋਲ ਰਹੇ ਹਨ ਤੇ ਉਨਾਂ ਨੇ ਆਪਣੇ ਸੰਬੋਧਨ ਵਿਚ ਜਥੇਦਾਰੀ ਸਿਸਟਮ ‘ਤੇ ਹੀ ਸਵਾਲ ਖੜੇ ਕੀਤੇ ਸਨ ਤੇ ਕਿਹਾ ਸੀ ਕਿ ਇਨਾਂ ਜਥੇਦਾਰਾਂ ਤੋਂ ਆਜਾਦੀ ਚਾਹੀਦੀ ਹੈ, ਇਹ ਦੋਵੇਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਕਾਲੀ ਦਲ ਬਾਦਲ ਨਾਲ ਜੁੜੇ ਵੱਡੇ ਆਗੂਆਂ ਦੇ ਮੱਥੇ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ ਤੇ ਇਸ ਤੋਂ ਪਹਿਲਾ ‘ਦਾ ਐਡੀਟਰ’ ਨੇ ਹੀ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਈਸ਼ਰ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕਰੀਬੀ ਦੋਸਤ ਹਨ ਤੇ ਇਹ ਜਾਂਚ ਉਨਾਂ ਨੂੰ ਕਿਸੇ ਮਾਹਿਰ ਵਜੋਂ ਨਹੀਂ ਸਗੋਂ ਜਥੇਦਾਰ ਨਾਲ ਦੋਸਤੀ ਕਰਕੇ ਹੀ ਮਿਲੀ ਹੈ ਤੇ ਇਹ ਵੀ ਚਰਚਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਈਸ਼ਰ ਸਿੰਘ ਨੂੰ ਕਿਸੇ ਇਕ ਤਖਤ ਦੀ ਜਥੇਦਾਰੀ ਦਿਵਾਉਣ ਦਾ ਵੀ ਭਰੋਸਾ ਦਿੱਤਾ ਹੋਇਆ ਹੈ।
ਪੰਥਕ ਧਿਰਾਂ ਨੇ ਚੁੱਕੇ ਜਾਂਚ ‘ਤੇ ਸਵਾਲ
ਖਾਲਸਾ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਥਾਪੇ ਗਏ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ 21 ਮੈਂਬਰੀ ਕਮੇਟੀ ਦੇ ਮੈਂਬਰਾਂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਵੀਰ ਸਿੰਘ ਸੁਲਤਾਨਵਿੰਡ, ਸੁਖਪਾਲ ਸਿੰਘ ਵੇਰਕਾ ਤੇ ਜਸਪਾਲ ਸਿੰਘ ਪੁਤਲੀਘਰ ਨੇ ਈਸ਼ਰ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ‘ਤੇ ਸਵਾਲ ਖੜੇਂ ਕੀਤੇ ਸਨ, ਉਨਾਂ ਨੇ ਈਸ਼ਰ ਸਿੰਘ ਨੂੰ ਆਪਣੇ ਬਦਲੇ ਹੋਏ ਸਟੈਂਡ ਨੂੰ ਸਪੱਸ਼ਟ ਕਰਨ ਲਈ ਆਖਿਆ ਤੇ ਕਿਹਾ ਕਿ ਤੁਸੀਂ ਪੰਥਕ ਅਸੈਬਲੀ ਵਿਚ ਜਿਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ, ਉਸੇ ਜਥੇਦਾਰ ਵੱਲੋਂ 267 ਸਰੂਪਾਂ ਦੇ ਲਾਪਤਾ ਹੋਣ ਸਬੰਧੀ ਸੌਂਪੀ ਗਈ ਜਾਂਚ ਕਿਸ ਤਰਾਂ ਕਬੂਲ ਕਰ ਲਈ। ਉਨਾਂ ਨੇ ਜਾਂਚ ਦੇ ਢੰਗ ਤਰੀਕਿਆਂ ‘ਤੇ ਵੀ ਸਵਾਲ ਖੜੇ ਕੀਤੇ ਹਨ।
ਜਵਾਬ ਦੇਣ ਤੋਂ ਭੱਜਿਆ ਈਸ਼ਰ ਸਿੰਘ
ਇਸ ਸਬੰਧੀ ਐਡਵੋਕੇਟ ਈਸ਼ਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤੇ ਉਨਾਂ ਨੂੰ ਦੋ ਸਵਾਲ ਕੀਤੇ ਗਏ, ਪਹਿਲਾ ਕੀ ਤੁਸੀਂ ਪੰਥਕ ਪਾਰਲੀਮੈਂਟ ਵਿਚ ਬਾਦਲਾਂ ਦੇ ਖਿਲਾਫ ਬੋਲੇ ਸੀ? ਦੂਸਰਾ ਸਵਾਲ ਉਨਾਂ ਤੋਂ ਇਹ ਪੁੱਛਿਆ ਗਿਆ ਕਿ ਪੰਥਕ ਅਸੈਬਲੀ ਵਿਚ ਜਿਸ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ‘ਤੇ ਵਿਰੋਧ ਕਰਦਿਆ ਅਦਾਲਤ ਵਿਚੋ ਸਟੇਅ ਲਿਆਉਣ ਦੀ ਗੱਲ ਕਰ ਰਹੇ ਸੀ ਤੇ ਹੁਣ ਉਸੇ ਜਥੇਦਾਰ ਨੂੰ ਜਥੇਦਾਰ ਮੰਨਦਿਆ ਤੁਸੀਂ ਜਾਂਚ ਦਾ ਕੰਮ ਕਬੂਲ ਕਿਵੇ ਕੀਤਾ ਹੈ? ਇਸ ਦੇ ਜਵਾਬ ਵਿਚ ਈਸ਼ਰ ਸਿੰਘ ਨੇ ਕਿਹਾ ਕਿ ਮੈਂ ਇਨਾਂ ਗੱਲਾਂ ਦੇ ਜਵਾਬ ਨਹੀਂ ਦਿਆਂਗਾ, ਮੈਂ ਜਾਂਚ ਵਿਚ ਰੁੱਝਿਆ ਹੋਇਆ ਹਾਂ ਤੇ ਉਨਾਂ ਨੇ ਫਤਿਹ ਬਲਾਉਦਿਆ ਫੋਨ ਬੰਦ ਕਰ ਦਿੱਤਾ।
ਜਥੇਦਾਰ ਨਾਲ ਨਹੀਂ ਹੋਇਆ ਸੰਪਰਕ
ਇਸ ਮਾਮਲੇ ਵਿਚ ਜਥੇਦਾਰ ਹਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਉਨਾਂ ਦਾ ਪੱਖ ਜਾਨਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਗਈ ਲੇਕਿਨ ਸੰਪਰਕ ਨਹੀਂ ਹੋ ਸਕਿਆ।