ਦਾ ਐਡੀਟਰ ਨਿਊਜ਼, ਚੰਡੀਗੜ੍ਹ – ਪੰਜਾਬ ਵਿੱਚ ਕਾਂਗਰਸ ਨੇ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ‘ਤੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੇਵੇਂਦਰ ਦਿੱਲੀ ਤੋਂ ਕਾਂਗਰਸ ਨੇਤਾ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ। ਦੇਵੇਂਦਰ ਯਾਦਵ ਹੁਣ ਤੱਕ ਉੱਤਰਾਖੰਡ ਕਾਂਗਰਸ ਦੇ ਇੰਚਾਰਜ ਸਨ।
ਇਹ ਬਦਲਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਇੰਡੀਆ ਗਠਜੋੜ ਨੂੰ ਲੈ ਕੇ ‘ਆਪ’ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ‘ਚ ਕਾਫੀ ਹੰਗਾਮਾ ਚੱਲ ਰਿਹਾ ਹੈ।
2024 ਵਿੱਚ ਲੋਕ ਸਭਾ ਚੋਣਾਂ ਹੋਣੀਆਂ ਹਨ। ਵਿਰੋਧੀ ਪਾਰਟੀਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ਇੰਡੀਆ ਗਠਜੋੜ ਦਾ ਗਠਨ ਕੀਤਾ ਹੈ। ਕਾਂਗਰਸ ਇਸ ਪਾਰਟੀ ਦੀ ਅਗਵਾਈ ਕਰ ਰਹੀ ਹੈ। ਇਸੇ ਤਰ੍ਹਾਂ ‘ਆਪ’ ਵੀ ਪਾਰਟੀ ਦਾ ਹਿੱਸਾ ਹੈ। ਪਰ ਪੰਜਾਬ ਦੇ ਸਾਰੇ ਕਾਂਗਰਸੀ ਆਗੂ ‘ਆਪ’ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ ਹਨ। ਉਹ ਕਹਿ ਰਹੇ ਹਨ ਕਿ ਇਸ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।
ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਇਸ ਗਠਜੋੜ ਦੇ ਹੱਕ ਵਿੱਚ ਹਨ, ਜਦੋਂਕਿ ਚਰਚਾ ਹੈ ਕਿ ਹਰੀਸ਼ ਚੌਧਰੀ ਇਸ ਮਾਮਲੇ ’ਤੇ ਪਾਰਟੀ ਆਗੂਆਂ ਨਾਲ ਤਾਲਮੇਲ ਨਹੀਂ ਕਰ ਪਾ ਰਹੇ ਸਨ। ਅਜਿਹੇ ‘ਚ ਹੁਣ ਪਾਰਟੀ ਨੇ ਦਿੱਲੀ ਦੇ ਨੇਤਾ ਨੂੰ ਕਮਾਨ ਸੌਂਪ ਦਿੱਤੀ ਹੈ ਤਾਂ ਜੋ ਉਹ ਇੰਡੀਆ ਗਠਜੋੜ ‘ਤੇ ਨੇਤਾਵਾਂ ਨੂੰ ਤਿਆਰ ਕਰ ਸਕਣ।
2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਨੇ 10 ਸਾਲਾਂ ਬਾਅਦ 78 ਸੀਟਾਂ ਜਿੱਤ ਕੇ ਸੂਬੇ ਦੀ ਸੱਤਾ ‘ਤੇ ਕਬਜ਼ਾ ਕੀਤਾ ਸੀ। ਉਸ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣੀ ਸੀ। ਇਸ ਤੋਂ ਬਾਅਦ ਰਾਜਸਥਾਨ ਦੇ ਆਗੂ ਹਰੀਸ਼ ਚੌਧਰੀ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਲਾਇਆ ਗਿਆ। ਉਨ੍ਹਾਂ ਦੀ ਅਗਵਾਈ ਵਿਚ ਹੀ 2022 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ। ਇਸ ਚੋਣ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ। ਪਾਰਟੀ 78 ਤੋਂ 18 ਸੀਟਾਂ ‘ਤੇ ਆ ਗਈ। ਹਾਲਾਂਕਿ ਇਸ ਤੋਂ ਬਾਅਦ ਵੀ ਪਾਰਟੀ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਨਹੀਂ ਹਟਾਇਆ ਸੀ।