– ਮਨੀ ਲਾਂਡਰਿੰਗ ਮਾਮਲੇ ‘ਚ ED ਨੇ ਕੀਤੀ ਕਾਰਵਾਈ
ਦਾ ਐਡੀਟਰ ਨਿਊਜ਼, ਮਲੇਰਕੋਟਲਾ ——- ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣਨ ਤੋਂ ਬਾਅਦ ਇੱਕ ਰੁਪਏ ਦੀ ਤਨਖ਼ਾਹ ਲੈਣ ਦਾ ਦਾਅਵਾ ਕਰਨ ਵਾਲੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਗੱਜਣਮਾਜਰਾ ਦੀ ਕੰਪਨੀ ਦੀ 35.10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਕਾਰਵਾਈ ਬੈਂਕ ਲੋਨ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਕੀਤੀ ਗਈ ਹੈ।
ਈਡੀ ਅਨੁਸਾਰ ਮਾਲੇਰਕੋਟਲਾ, ਗੱਜਣਮਾਜਰਾ ਸਥਿਤ ਤਾਰਾ ਕਾਰਪੋਰੇਸ਼ਨ ਕੰਪਨੀ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਈਡੀ ਦੇ ਅਨੁਸਾਰ, ਲੋਨ ਦੀ ਰਕਮ ਤਾਰਾ ਕਾਰਪੋਰੇਸ਼ਨ ਲਿਮਟਿਡ ਤੋਂ ਵੱਖ-ਵੱਖ ਫਰਮਾਂ ਨੂੰ ਟਰਾਂਸਫਰ ਕੀਤੀ ਗਈ ਹੈ। ਬਾਅਦ ਵਿੱਚ ਇਸਨੂੰ ਤਾਰਾ ਹੈਲਥ ਫੂਡ ਲਿਮਿਟੇਡ ਅਤੇ ਇੱਕ ਹੋਰ ਸਹਾਇਕ ਕੰਪਨੀ ਤਾਰਾ ਸੇਲਜ਼ ਲਿਮਿਟੇਡ ਵਿੱਚ ਜੋੜਿਆ ਗਿਆ। ਇਸ ਦੇ ਨਾਲ ਹੀ ਈਡੀ ਦਾ ਕਹਿਣਾ ਹੈ ਕਿ ਤਾਰਾ ਹੈਲਥ ਫੂਡਜ਼ ਲਿਮਟਿਡ ਨੂੰ ਮਿਲੀ ਰਕਮ ਦੀ ਵਰਤੋਂ ਕਰਜ਼ਾ ਲੈਣ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਕੀਤੀ ਗਈ ਸੀ।
ਏਜੰਸੀ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗੱਜਣਮਾਜਰਾ ਦੇ ਨਿੱਜੀ ਖਾਤਿਆਂ ਵਿੱਚ 3.12 ਕਰੋੜ ਰੁਪਏ ਡਾਇਵਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਮੈਸਰਜ਼ ਟੀਐਚਐਫਐਲ ਨੂੰ 33.19 ਕਰੋੜ ਰੁਪਏ ਦਿੱਤੇ ਗਏ ਹਨ। ‘ਆਪ’ ਵਿਧਾਇਕ ਗੱਜਣ ਮਾਜਰਾ ਨੂੰ ਈਡੀ ਨੇ ਨਵੰਬਰ ਦੇ ਸ਼ੁਰੂ ਵਿੱਚ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਮਨੀ ਲਾਂਡਰਿੰਗ ਕੇਸ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਐਫਆਈਆਰ ਨਾਲ ਸਬੰਧਤ ਹੈ, ਜੋ ਕਿ 40.92 ਕਰੋੜ ਰੁਪਏ ਦੇ ਬੈਂਕ ਕਰਜ਼ੇ ਨਾਲ ਸਬੰਧਤ ਹੈ।
‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉਸ ਸਮੇਂ ਸੁਰਖੀਆਂ ‘ਚ ਆ ਗਏ, ਜਦੋਂ ਉਨ੍ਹਾਂ ਨੇ ਸਿਰਫ ਇਕ ਰੁਪਏ ਦੀ ਤਨਖਾਹ ਲੈਣ ਦਾ ਐਲਾਨ ਕੀਤਾ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਲਈ ਮੈਂ ਵਿਧਾਇਕ ਹੋਣ ਦੇ ਨਾਤੇ ਇਕ ਰੁਪਏ ਦੀ ਤਨਖਾਹ ਲਵਾਂਗਾ। ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ।