– ਸ਼ਰਾਬ ਨੀਤੀ ਵਿੱਚ ਉਲਝੀ ਕੇਜਰੀਵਾਲ ਸਰਕਾਰ, ਪੰਜਾਬ ਵਿੱਚ ਠੇਕੇਦਾਰ ਆਪ ਨੂੰ ਉਲਝਾਉਣ ਦੇ ਰਾਹ ਪਏ, ਸਟੇਟ-ਨੈਸ਼ਨਲ ਹਾਈਵੇ ਠੇਕਿਆਂ ਦੇ ਪਰਛਾਵੇਂ ਹੇਠ
ਦਾ ਐਡੀਟਰ ਨਿਊਜ. ਚੰਡੀਗੜ੍ਹ —– ਪੂਰੇ ਪੰਜਾਬ ਵਿੱਚ ਹਰ ਦਿਨ ਕਈ ਸੜਕ ਹਾਦਸੇ ਹੋ ਰਹੇ ਹਨ ਤੇ ਉਨ੍ਹਾਂ ਹਾਦਸਿਆਂ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਹਨ ਉਨ੍ਹਾਂ ਮੌਤਾਂ ਦੀ ਵੱਡੀ ਵਜ੍ਹਾ ਸ਼ਰਾਬ ਹੁੰਦੀ ਹੈ, ਇਨ੍ਹਾਂ ਹਾਦਸਿਆਂ ਨੂੰ ਗੰਭੀਰਤਾ ਨਾਲ ਲੈਂਦਿਆ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਪੂਰੇ ਦੇਸ਼ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਨੈਸ਼ਨਲ ਅਤੇ ਸਟੇਟ ਹਾਈਵੇ ’ਤੇ ਖੋਲ੍ਹਣ ਲਈ ਕੁਝ ਆਦੇਸ਼ ਜਾਰੀ ਕੀਤੇ ਸਨ ਜਿਸ ਵਿੱਚ ਇੱਕ ਸਖਤ ਆਦੇਸ਼ ਇਹ ਜਾਰੀ ਕੀਤਾ ਸੀ ਕਿ ਕਿਸੇ ਵੀ ਨੈਸ਼ਨਲ ਹਾਈਵੇ ਉੱਪਰ 500 ਮੀਟਰ ਦੇ ਘੇਰੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ ਲੇਕਿਨ ਇਸ ਮਾਮਲੇ ’ਤੇ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ ਕਿਉਂਕਿ ਪੂਰੇ ਪੰਜਾਬ ਵਿੱਚ ਹੀ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਸ਼ਰੇਆਮ ਠੇਕੇ ਖੋਲ੍ਹੇ ਗਏ ਹਨ ਅਤੇ ਇਹ ਸਾਰਾ ਕੁਝ ਪੰਜਾਬ ਐਕਸਾਈਜ਼ ਵਿਭਾਗ, ਪੀਡਬਲਿਊਡੀ ਅਤੇ ਜੰਗਲਾਤ ਵਿਭਾਗ ਦੇ ਨੱਕ ਹੇਠ ਹੋ ਰਿਹਾ ਹੈ, ਜਿਹੜੇ ਠੇਕੇ ਦੀ ਤਸਵੀਰ ਅਸੀਂ ਪ੍ਰਮੁੱਖ ਤੌਰ ਤੇ ਛਾਪ ਰਹੇ ਹਾਂ ਇਹ ਤਸਵੀਰ ਚੰਡੀਗੜ੍ਹ-ਪਠਾਨਕੋਟ ਹਾਈਵੇ ’ਤੇ ਹੁਸ਼ਿਆਰਪੁਰ ਤੋਂ ਮਹਿਜ 10 ਕਿਲੋਮੀਟਰ ਦੂਰ ਸੈਚੁਰੀ ਪਲਾਈਵੁੱਡ ਫੈਕਟਰੀ ਦੇ ਗੇਟ ਦੇ ਨਾਲ ਖੋਲ੍ਹੇ ਗਏ ਠੇਕੇ ਦੀ ਹੈ ਜਿਹੜਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਹੀ ਨਹੀਂ ਉਡਾ ਰਿਹਾ ਬਲਕਿ ਉਨ੍ਹਾਂ ਹੁਕਮਾਂ ਨੂੰ ਚਿੜਾ ਵੀ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਠੇਕਾ ਪੀਡਬਲਿਊਡੀ ਦੀ ਜਮੀਨ ਉੱਪਰ ਖੋਲ੍ਹਿਆ ਗਿਆ ਹੈ ਜਿਸਦੀ ਰਾਖੀ ਵਣ ਵਿਭਾਗ ਨੇ ਕਰਨੀ ਹੁੰਦੀ ਹੈ। ਇਹ ਰੋਡ ਸਟੇਟ ਹਾਈਵੇ ਹੈ ਜਦੋਂ ਕਿ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਤਾਂ ਨਸਰਾਲਾ, ਚੌਹਾਲ ਤੇ ਮੰਗੂਵਾਲ ਵਿੱਚ ਸ਼ਰਾਬ ਦੇ ਠੇਕੇ ਮੌਜੂਦ ਹਨ ਜਿਹੜੇ ਕਿ ਬਿਲਕੁਲ ਰੋਡ ਦੇ ਉੱਪਰ ਖੋਲ੍ਹੇ ਗਏ ਹਨ।

ਵਿਭਾਗਾਂ ਦੇ ਮੁੱਖੀਆਂ ਤੱਕ ਜਾਂਦਾ ਪੈਸਾ
ਇਸ ਸਬੰਧੀ ਇੱਕ ਸ਼ਰਾਬ ਕਾਰੋਬਾਰੀ ਨੇ ਦਾ ਐਡੀਟਰ ਕੋਲ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਨ੍ਹਾਂ ਠੇਕਿਆਂ ਨੂੰ ਖੋਲ੍ਹਣ ਲਈ ਵੱਡੀ ਰਕਮ ਕਥਿਤ ਰਿਸ਼ਵਤ ਦੇ ਤੌਰ ਉੱਪਰ ਅਲੱਗ-ਅਲੱਗ ਵਿਭਾਗਾਂ ਵਿੱਚ ਦੇਣੀ ਪੈਂਦੀ ਹੈ, ਸਭ ਤੋਂ ਵੱਡਾ ਹਿੱਸਾ ਐਕਸਾਈਜ਼ ਵਿਭਾਗ ਨੂੰ ਜਾਂਦਾ ਹੈ ਜਿਸ ਵਿੱਚ ਇੰਸਪੈਕਟਰ ਤੋਂ ਲੈ ਕੇ ਸੈਕਟਰੀ ਤੱਕ ਦਾ ਹਿੱਸਾ ਪ੍ਰਤੀ ਠੇਕਾ ਤੈਅ ਹੁੰਦਾ ਹੈ।
ਜੰਗਲਾਤ ਵਿਭਾਗ ਕੋਲ ਨਹੀਂ ਕੋਈ ਜਵਾਬ
ਇਸ ਸਬੰਧੀ ਹੁਸ਼ਿਆਰਪੁਰ ਡਿਵੀਜਨ ਦੇ ਕੰਜਰਵੇਟਰ ਅਧਿਕਾਰੀ ਸੰਜੀਵ ਤਿਵਾੜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਗੱਲ ਜਰੂਰ ਮੰਨੀ ਕਿ ਮਾਮਲਾ ਮੇਰੇ ਧਿਆਨ ਵਿੱਚ ਹੈ ਲੇਕਿਨ ਜਦੋਂ ਕਾਰਵਾਈ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲ ਜਵਾਬ ਨਹੀਂ ਸੀ।
ਐਕਸਾਈਜ਼ ਵਿਭਾਗ ਚੁੱਪ
ਐਕਸਾਈਜ਼ ਵਿਭਾਗ ਦੇ ਸੈਕਟਰੀ ਵਰੁਣ ਰੂਜਮ ਜੋ ਕਿ ਐਕਸਾਈਜ਼ ਪਾਲਿਸੀ ਸਬੰਧੀ ਈ.ਡੀ.ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਨੂੰ ਬਕਾਇਦਾ ਤੌਰ ’ਤੇ ਉਨ੍ਹਾਂ ਦਾ ਪੱਖ ਜਾਨਣ ਲਈ ਸਵਾਲ ਭੇਜਿਆ ਗਿਆ ਸੀ ਲੇਕਿਨ ਉਨ੍ਹਾਂ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ।