ਦਾ ਐਡੀਟਰ ਨਿਊਜ਼, ਨਵੀਂ ਦਿੱਲੀ —- ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ‘ਤੇ ਸੁਪਰੀਮ ਕੋਰਟ ਸੋਮਵਾਰ 11 ਦਸੰਬਰ ਨੂੰ ਆਪਣਾ ਫੈਸਲਾ ਸੁਣਾਏਗੀ। ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਨੂੰ ਲੈ ਕੇ ਅਦਾਲਤ 23 ਪਟੀਸ਼ਨਾਂ ‘ਤੇ ਆਪਣਾ ਫੈਸਲਾ ਦੇਵੇਗੀ।
ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ 5 ਸਤੰਬਰ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਣ ਤੋਂ ਪਹਿਲਾਂ ਲਗਾਤਾਰ 16 ਦਿਨ ਮੈਰਾਥਨ ਸੁਣਵਾਈ ਕੀਤੀ ਸੀ। ਸੁਪਰੀਮ ਕੋਰਟ ਇਹ ਫੈਸਲਾ ਕਰੇਗੀ ਕਿ ਧਾਰਾ 370 ਨੂੰ ਖਤਮ ਕਰਨ ਦਾ ਫੈਸਲਾ ਸੰਵਿਧਾਨਕ ਹੈ ਜਾਂ ਨਹੀਂ। ਸੀਜੇਆਈ ਡੀਵਾਈ ਚੰਦਰਚੂੜ, ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਦੀ ਸੰਵਿਧਾਨਕ ਬੈਂਚ ਇਸ ਮਾਮਲੇ ‘ਤੇ ਸੋਮਵਾਰ 11 ਦਸੰਬਰ ਨੂੰ ਆਪਣਾ ਫੈਸਲਾ ਸੁਣਾਉਣ ਜਾ ਰਹੀ ਹੈ।

ਪਟੀਸ਼ਨਰਾਂ ਦੀ ਤਰਫੋਂ ਕਪਿਲ ਸਿੱਬਲ, ਗੋਪਾਲ ਸੁਬਰਾਮਨੀਅਮ, ਦੁਸ਼ਯੰਤ ਦਵੇ, ਰਾਜੀਵ ਧਵਨ, ਦਿਨੇਸ਼ ਦਿਵੇਦੀ, ਗੋਪਾਲ ਸ਼ੰਕਰਨਾਰਾਇਣ ਸਮੇਤ 18 ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਜਦੋਂ ਕਿ ਏਜੀ ਆਰ ਵੈਂਕਟਾਰਮਣੀ, ਐਸਜੀ ਤੁਸ਼ਾਰ ਮਹਿਤਾ, ਹਰੀਸ਼ ਸਾਲਵੇ, ਮਹੇਸ਼ ਜੇਠਮਲਾਨੀ, ਮਨਿੰਦਰ ਸਿੰਘ, ਰਾਕੇਸ਼ ਦਿਵੇਦੀ ਨੇ ਕੇਂਦਰ ਅਤੇ ਦੂਜੇ ਪੱਖ ਵੱਲੋਂ ਦਲੀਲਾਂ ਪੇਸ਼ ਕੀਤੀਆਂ। ਸਰਕਾਰ ਨੇ ਮੁੱਖ ਤੌਰ ‘ਤੇ ਰਾਜ ਦੀ ਵੰਡ ਅਤੇ ਧਾਰਾ 370 ਦੀਆਂ ਵਿਵਸਥਾਵਾਂ ਵਿੱਚ ਢਿੱਲ ਦੇਣ ਲਈ ਅਪਣਾਈ ਗਈ ਸੰਸਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਤਰਕਸੰਗਤ ਅਤੇ ਉਚਿਤ ਦੱਸਿਆ ਸੀ।