ਦਾ ਐਡੀਟਰ ਨਿਊਜ.ਵਾਸ਼ਿੰਗਟਨ ——– ਸਿੱਖਸ ਫਾਰ ਜਸਟਿਸ ਸੰਸਥਾ ਦੇ ਮੁੱਖੀ ਗੁਰਪਰਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦਾ ਜੋ ਖੁਲਾਸਾ ਹੋਇਆ ਹੈ ਉਸ ਨਾਲ ਅਮਰੀਕਾ ਤੇ ਭਾਰਤ ਦੇ ਸਬੰਧਾਂ ਵਿੱਚ ਕੁੜੱਤਣ ਤਾਂ ਆਈ ਹੀ ਹੈ ਲੇਕਿਨ ਇਸ ਸਭ ਦੇ ਵਿਚਾਲੇ ਉਹ ਅਮਰੀਕੀ ਏਜੰਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਨੇ ਉਸ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਆਪਣੇ ਚੱਕਰ ਵਿੱਚ ਫਸਾਇਆ ਜਿਸ ਨੂੰ ਕਥਿਤ ਤੌਰ ’ਤੇ ਇੱਕ ਭਾਰਤੀ ਸਰਕਾਰੀ ਅਧਿਕਾਰੀ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਹਿੱਟ ਕਰਨ ਲਈ ਚੁਣਿਆ ਤੇ ਇਸ ਕੰਮ ਲਈ ਰਾਜੀ ਕੀਤਾ ਸੀ, ਅਮਰੀਕੀ ਖੁਫੀਆ ਏਜੰਸੀ ਦੇ ਏਜੰਟ ਦੀ ਭੂਮਿਕਾ ਆਉਣ ਵਾਲੇ ਸਮੇਂ ਵਿੱਚ ਵੀ ਬੇਹੱਦ ਮਹੱਤਵਪੂਰਨ ਰਹੇਗੀ ਕਿਉਂਕਿ ਉਸ ਵੱਲੋਂ ਇਸ ਮਾਮਲੇ ਵਿੱਚ ਕਥਿਤ ਤੌਰ ਉੱਪਰ ਜੁੜੇ ਕੁਝ ਹੋਰ ਲੋਕਾਂ-ਅਧਿਕਾਰੀਆਂ ਦੇ ਨਾਮ ਵੀ ਨਸ਼ਰ ਕੀਤੇ ਜਾ ਸਕਦੇ ਹਨ ਜਿਸ ਨਾਲ ਇਸ ਮਾਮਲੇ ਵਿੱਚ ਨਵੇਂ ਮੋੜ ਆਉਣ ਦੀ ਸੰਭਾਵਨਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਸਾਜਿਸ਼ ਦੇ ਕੇਂਦਰ ਬਿੰਦੂ ਵਿੱਚ ਰਹੇ ਅਮਰੀਕੀ ਏਜੰਟ ਵੱਲੋਂ ਨਿਖਿਲ ਗੁਪਤਾ ਦੇ ਨਾਲ-ਨਾਲ ਕਈ ਹੋਰ ਭਾਰਤੀ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ ਗਈਆਂ ਸਨ ਤੇ ਹੁਣ ਜਦੋਂ ਮਾਮਲਾ ਖੁੱਲ੍ਹ ਗਿਆ ਹੈ ਤਦ ਉਨ੍ਹਾਂ ਸਰਕਾਰੀ ਅਧਿਕਾਰੀਆਂ ਦੇ ਵੀ ਸਾਹ ਸੂਤੇ ਗਏ ਹਨ ਜੋ ਅਨਜਾਣਪੁਣੇ ਵਿੱਚ ਆਪਣੇ ਦਿਲ ਦੀ ਗੱਲ ਅਮਰੀਕੀ ਖੁਫੀਆ ਏਜੰਟ ਨਾਲ ਕਰਦੇ ਰਹੇ ਹਨ। ਜਿਕਰਯੋਗ ਹੈ ਕਿ ਨਿਖਿਲ ਗੁਪਤਾ ਨਾਮ ਦੇ ਭਾਰਤੀ ਵਿਅਕਤੀ ਨੂੰ ਅਮਰੀਕਾ ਵਿੱਚ ਗੁੁਰਪਤਵੰਤ ਸਿੰਘ ਪੰਨੂ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੀ ਸਾਜਿਸ਼ ਤਹਿਤ ਅਮਰੀਕੀ ਏਜੰਸੀਆਂ ਵੱਲੋਂ ਨਸ਼ਰ ਕਰਦੇ ਹੋਏ ਭਾਰਤ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ ਜਿਸ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਆਦੇਸ਼ ਵੀ ਦੇ ਦਿੱਤੇ ਗਏ ਹਨ, ਗੁਰਪਤਵੰਤ ਸਿੰਘ ਪੰਨੂ ਜੋ ਕਿ ਅਮਰੀਕਾ ਤੇ ਕੈਨੇਡਾ ਦਾ ਨਾਗਕਿਰ ਬਣ ਚੁੱਕਾ ਹੈ ਪਿਛਲੇ ਸਾਲਾਂ ਤੋਂ ਲਗਾਤਾਰ ਖਾਲਿਸਤਾਨ ਦੀ ਮੰਗ ਨੂੰ ਵੱਖ-ਵੱਖ ਮੰਚਾਂ ਤੋਂ ਚੁੱਕਦਾ ਆ ਰਿਹਾ ਹੈ ਤੇ ਉਹ ਸਿਖਸ ਫਾਰ ਜਸਟਿਸ ਨਾਮ ਦੀ ਸੰਸਥਾ ਦਾ ਮੁੱਖੀ ਵੀ ਹੈ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ ਤੇ ਤਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹੱਤਿਆ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ ਜਿਸ ਕਾਰਨ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਤਲਖੀ ਵੱਧ ਗਈ ਸੀ।