ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——- ਜਲੰਧਰ-ਧਰਮਸ਼ਾਲਾ ਹਾਈਵੇਅ ‘ਤੇ ਹੁਸ਼ਿਆਰਪੁਰ ‘ਚ ਹੋਏ 100 ਕਰੋੜ ਦੇ ਲੈਂਡ ਸਕੈਮ ‘ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 42 ਬੰਦੇ ਹੋਰ ਨਾਮਜ਼ਦ ਕਰਨ ਤੋਂ ਬਾਅਦ ਜਿੱਥੇ ਸ਼ਹਿਰ ‘ਚ ਇਸ ਮਾਮਲੇ ਨੂੰ ਲੈ ਕੇ ਹੜਕੰਪ ਮੱਚਿਆ ਹੋਇਆ ਹੈ, ਉਥੇ ਹੀ ਸ਼ਹਿਰ ਦੇ ਕਈ ਨਾਮੀ ਕਾਰੋਬਾਰੀ ਵੀ ਘਰੋਂ ਭੱਜ ਕੇ ਵਿਜੀਲੈਂਸ ਤੋਂ ਬੱਚਦੇ ਫਿਰਦੇ ਰੂਪੋਸ਼ ਹੋ ਗਏ ਹਨ, ਜਿਨ੍ਹਾਂ ‘ਚ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ ਕਲੋਨਾਈਜ਼ਰ ਤਿਲਕ ਰਾਜ ਗੁਪਤਾ ਅਤੇ ਉਨ੍ਹਾਂ ਦਾ ਸ਼ਹਿਜ਼ਾਦਾ ਅਰੁਣ ਗੁਪਤਾ ਸ਼ਾਮਿਲ ਹਨ। ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਅਰੁਣ ਗੁਪਤਾ ਨੇ ਅਗਾਊਂ ਜ਼ਮਾਨਤ ਲਈ ਲੁਧਿਆਣਾ ਦੀ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਹੈ, ਹਾਲਾਂਕਿ ਜ਼ਮਾਨਤ ਦੀ ਸੰਭਾਵਨਾ ਇਸ ਗੱਲ ਕਰਕੇ ਘੱਟ ਦੱਸੀ ਜਾ ਰਹੀ ਹੈ ਕਿਉਂਕਿ ਇਹ ਮਾਮਲਾ ਸਰਕਾਰ ਨਾਲ ਕਈ ਕਰੋੜ ਰੁਪਏ ਦੀ ਠੱਗੀ ਦਾ ਹੈ।

ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਵਿਜੀਲੈਂਸ ਦੀ ਪਿਛਲੀ ਜਾਂਚ ‘ਚ ਤਿਲਕ ਰਾਜ ਗੁਪਤਾ ਅਤੇ ਅਰੁਣ ਗੁਪਤਾ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਗੰਢ-ਤੁੱਪ ਕਰਕੇ ਆਪਣੇ ਆਪ ਨੂੰ ਬਚਾਉਣ ‘ਚ ਕਾਮਯਾਬ ਹੋ ਗਏ ਸੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਤਿਲਕ ਰਾਜ ਗੁਪਤਾ ਅਤੇ ਅਰੁਣ ਗੁਪਤਾ ਨੇ ਵੀ ਪਿੱਪਲਾਂਵਾਲੇ ‘ਚ ਹਰਦੋਖਾਨਪੁਰ ‘ਚ ਕਿਸਾਨਾਂ ਤੋਂ ਸਸਤੀ ਜ਼ਮੀਨ ਖਰੀਦ ਕੇ ਕਈ ਕਰੋੜ ਰੁਪਏ ਦੀ ਸਰਕਾਰ ਨਾਲ ਠੱਗੀ ਮਾਰੀ ਸੀ ਅਤੇ ਇਹ ਗੁਪਤਾ ਪਰਿਵਾਰ ਦੀਆਂ ਭਾਜਪਾ ਨੇਤਾ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਭਾਜਪਾ ਨੇਤਾ ਸੁੰਦਰ ਸ਼ਾਮ ਅਰੋੜਾ ਨਾਲ ਬੇਹੱਦ ਕਰੀਬੀ ਰਿਸ਼ਤੇ ਸਨ ਅਤੇ ਇਨ੍ਹਾਂ ਨੂੰ ਸ਼ਹਿਰ ‘ਚ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਦੇ ਗੈਰ ਕਾਨੂੰਨੀ ਬੇਤਾਜ਼-ਬਾਦਸ਼ਾਹ ਅਤੇ ਮਾਫੀਏ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।
ਇੱਕ ਸਾਬਕਾ ਮੰਤਰੀ ਦੀ ਜਾਨ ਸੂਲੀ ‘ਤੇ
ਸ਼ਹਿਰ ਦੇ ਇੱਕ ਹੋਰ ਕਾਰੋਬਾਰੀ ਪ੍ਰਦੀਪ ਗੁਪਤਾ ਅਤੇ ਉਨ੍ਹਾਂ ਦੇ ਬੇਟੇ ਪ੍ਰੀਤਕ ਗੁਪਤਾ ਜੋ ਕਿ ਵਿਜੀਲੈਂਸ ਦੇ ਰਾਡਾਰ ‘ਤੇ ਹਨ। ਦਰਅਸਲ ‘ਚ ਪ੍ਰਦੀਪ ਗੁਪਤਾ ਅਤੇ ਪ੍ਰੀਤਕ ਗੁਪਤਾ ਦੀ ਇੱਕ ਕੰਪਨੀ ਸ਼ਹਿਰ ਦੇ ਸਾਬਕਾ ਮੰਤਰੀ ਦੇ ਬੇਟੇ ਦੇ ਨਾਲ ਭਾਈਵਾਲੀ ਦੇ ਤੌਰ ‘ਤੇ ਸੀ ਅਤੇ ਜਿਹੜਾ ਪੈਸਾ ਲੈਂਡ ਸਕੈਮ ਦਾ ਆਇਆ ਸੀ ਉਸ ਪੈਸੇ ‘ਚੋਂ ਮੰਤਰੀ ਦੇ ਬੇਟੇ ਨੂੰ ਪੈਸੇ ਦਾ ਵੱਡਾ ਹਿੱਸਾ ਟਰਾਂਸਫਰ ਹੋਇਆ ਸੀ, ਉਸ ਪੈਸੇ ਦੇ ਇਵਜ ‘ਚ ਮੰਤਰੀ ਦੇ ਬੇਟੇ ਨੇ ਉਹ ਕੰਪਨੀ ਪ੍ਰਦੀਪ ਗੁਪਤਾ ਅਤੇ ਪ੍ਰਤੀਕ ਗੁਪਤਾ ਨੂੰ ਵੇਚ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਇਸ ਲੈਂਡ ਸਕੈਮ ਤੋਂ ਕੁੱਝ ਸਮਾਂ ਪਹਿਲਾਂ ਹੀ ਕੰਪਨੀ ਬਣਾਈ ਗਈ ਸੀ ਅਤੇ ਵਿਜੀਲੈਂਸ ਇਸ ਕੰਪਨੀ ਨਾਲ ਸੰਬੰਧਿਤ ਸਾਰੀਆਂ ਟ੍ਰਾਂਸਜੇਕਸ਼ਨਾਂ ਨੂੰ ਖੰਗਾਲ ਰਹੀ ਰਹੀ ਅਤੇ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਉਸ ਸਮੇਂ ਕੰਪਨੀ ਦੀ ਕੀਮਤ ਕਿੰਨੀ ਸੀ, ਅਤੇ ਕਿੰਨੇ ‘ਚ ਇਹ ਖਰੀਦੀ ਗਈ ਹੈ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਦੀ ਕੀਮਤ ਤਾਂ ਮਹਿਜ ਕੁੱਝ ਲੱਖ ਰੁਪਏ ਹੀ ਸੀ ਜਦਕਿ ਕਰੋੜਾਂ ਰੁਪਏ ਕੰਪਨੀ ਦੇ ਨਾਂਅ ਹੇਠ ਟਰਾਂਸਫਰ ਹੋਏ ਹਨ, ਮੰਤਰੀ ਦੀ ਜਾਨ ਇਸ ਗੱਲ ਕਰਕੇ ਸੂਲੀ ਟੰਗ ਹੋਈ ਹੈ ਕਿ ਕਿਤੇ ਪ੍ਰਦੀਪ ਗੁਪਤਾ ਵਿਜੀਲੈਂਸ ਦੇ ਅੱਗੇ ਅਸਲ ਕਹਾਣੀ ਨਾ ਬਿਆਨ ਕਰ ਦੇਵੇ। ਜਿਸ-ਜਿਸ ਤਰ੍ਹਾਂ ਇਸ ਕਾਂਡ ਦੀ ਜਾਂਚ ਅੱਗੇ ਵਧ ਰਹੀ ਹੈ ‘ਦਾ ਐਡੀਟਰ ਨਿਊਜ਼’ ਇਸ ਕਾਂਡ ਦੀਆਂ ਅੱਗੇ ਪਰਤਾਂ ਖੋਲ੍ਹਦਾ ਰਹੇਗਾ ਅਤੇ ਹੋਰ ਕਈ ਰੌਚਕ ਤੱਥਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ ਇਨ੍ਹਾਂ ਮਹਿਨਾਜ਼ ਹਸਤੀਆਂ ਨੇ ਹੁਸ਼ਿਆਰਪੁਰ ਪਿੱਪਲਾਂਵਾਲਾ ਬਾਈਪਾਸ ‘ਤੇ ਕਿਸਾਨਾਂ ਤੋਂ ਸਸਤੇ ਰੇਟ ‘ਤੇ ਜ਼ਮੀਨਾਂ ਖਰੀਦ ਕੇ ਸਰਕਾਰ ਨੂੰ ਮਹਿੰਗੇ ਭਾਅ ਵੇਚ ਕੇ ਤਕਰੀਬਨ 100 ਕਰੋੜ ਰੁਪਏ ਦਾ ਸਕੈਮ ਕੀਤਾ ਸੀ।