ਜ਼ਹਿਰੀਲੀ ਸ਼ਰਾਬ ਮਾਮਲਾ, ਯੂਥ ਅਕਾਲੀ ਦਲ ਵੱਲੋਂ ਰਮਨਜੀਤ ਸਿੱਕੀ ਦੀ ਕੋਠੀ ਦਾ ਘਿਰਾਓ
ਦਾ ਐਡੀਟਰ ਬਿਊਰੋ, ਜਲੰਧਰ- ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਖਡੂਰ ਸਾਹਿਬ ਦੇ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਘਰ ਦਾ ਘਿਰਾਓ ਕੀਤਾ ਗਿਆ ਤੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੀੜਤ ਪਰਿਵਾਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਉਸਦੇ ਅਤੇ ਉਸਦੇ ਪੀ. ਏ ਦੇ ਖਿਲਾਫ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਪੁਲਿਸ ਦੀਆਂ ਰੋਕਾਂ ਤੋੜਦੇ ਹੋਏ ਸਿੱਕੀ ਦੇ ਘਰ ਤੱਕ ਪਹੁੰਚੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਪੀੜਤ ਕਮਲਜੀਤ ਕੌਰ ਨੇ ਪੁਲਿਸ ਥਾਣਾ ਸਦਰ ਵਿਚ ਦਰਜ ਕਰਵਾਏ ਆਪਣੇ ਬਿਆਨ ਵਿਚ ਸਪੱਸ਼ਟ ਕਿਹਾ ਹੈ ਕਿ ਰਮਨਜੀਤ ਸਿੰਘ ਸਿੱਕੀ ਤੇ ਉਸਦੇ ਪੀ. ਏ ਜਰਮਨਜੀਤ ਸਿੰਘ ਨੂੰ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਦਾ ਮੁੱਖ ਕਰਤਾ ਧਰਤਾ ਦੱਸਿਆ ਹੈ ਜਿਹਨਾਂ ਦੇ ਇਸ਼ਾਰੇ ‘ਤੇ ਹਲਕੇ ਵਿਚ ਘਰ ਘਰ ਜ਼ਹਿਰੀਲੀ ਸ਼ਰਾਬ ਸਪਲਾਈ ਹੋ ਰਹੀ ਹੈ। ਰੋਮਾਣਾ ਨੇ ਕਿਹਾ ਕਿ ਸਾਰੇ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਦੇ ਇਸ਼ਾਰੇ ‘ਤੇ ਇਹ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ ਤੇ ਸਰਕਾਰ ਕਾਰਨ ਸਾਰੀ ਪੁਲਿਸ ਵੀ ਇਸ ਵਾਸਤੇ ਸਹਿਯੋਗ ਦੇ ਰਹੀ ਹੈ। ਉਹਨਾਂ ਕਿਹਾ ਕਿ ਮੁਨਾਫਾਖੋਰੀ ਦੇ ਚੱਕਰ ਵਿਚ ਕਾਂਗਰਸੀ ਆਗੂਆਂ ਨੇ ਸਾਰਾ ਪੰਜਾਬ ਉਜਾੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁਝ ਵੀ ਵੇਖਣ ਲਈ ਤਿਆਰ ਨਹੀਂ ਹਨ ਤੇ ਅਜਿਹਾ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਦਫਤਰ ਦੀ ਵੀ ਇਸ ਸਾਰੇ ਮਾਮਲੇ ਵਿਚ ਸ਼ਮੂਲੀਅਤ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸ ਜ਼ਹਿਰੀਲੀ ਸ਼ਰਾਬ ਨੂੰ ਬਣਾਉਣ ਵਾਸਤੇ ਈ ਐਨ ਏ ਸਪਲਾਈ ਕਰਨ ਵਾਲੀਆਂ ਰਾਣਾ ਗੁਰਜੀਤ ਸਿੰਘ ਦੀ ਤੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਦੀ ਮਲਕੀਅਤ ਵਾਲੀ ਡਿਸਟੀਲਰੀ ਖਿਲਾਫ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਰਨ 150 ਤੋਂ ਵੱਧ ਜਾਨਾਂ ਚਲੀਆਂ ਗਈਆਂ ਹਨ ਤੇ ਪੀੜਤ ਪਰਿਵਾਰ ਚੀਖ ਚੀਖ ਕੇ ਜ਼ਹਿਰ ਦੇ ਵਪਾਰੀਆਂ ਦਾ ਨਾਂ ਲੈ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਸਰਕਾਰੀ ਦਬਾਅ ਹੇਠ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਉਣ ਦੇ ਰੌਂਅ ਵਿਚ ਹੈ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਕਾਤਲਾਂ ਨੂੰ ਭੱਜਣ ਤੇ ਪੁਲਿਸ ਨੂੰ ਉਹਨਾਂ ਨੂੰ ਛੱਡਣ ਨਹੀਂ ਦੇਵੇਗਾ। ਰੋਮਾਣਾ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਕਿ ਯੂਥ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਪੀੜਤਾਂ ਨਾਂਲ ਬੇਇਨਸਾਫੀ ਤੇ ਧੱਕੇਸ਼ਾਹੀ ਨਹੀਂ ਹੋਣ ਦੇਵੇਗਾ ਤੇ ਇਸ ਵਾਸਤੇ ਜੋ ਵੀ ਕਰਨਾ ਪਿਆ ਕਰੇਗਾ।
ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਐਮ ਪੀ ਸ਼ਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀ ਕਾਂਗਰਸ ਦੀ 70 ਫੀਸਦੀ ਲੀਡਰਸ਼ਿਪ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਇਸ ਗੱਲ ਦਾ ਜਵਾਬ ਦੇਵੇ ਜੋ ਪਹਿਲਾਂ ਦਾਅਵੇ ਕਰਦਾ ਸੀ ਕਿ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ ਹਨ ਤੇ ਅੱਜ ਕਾਂਗਰਸ ਦੇ ਆਪਣੇ ਐਮ ਪੀ ਦਾਅਵਾ ਕਰ ਰਹੇ ਹਨ ਕਿ ਇਸਦੇ 70 ਫੀਸਦੀ ਲੀਡਰ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਹਨ।