ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਸ਼੍ਰੋਮਣੀ ਆਕਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਗਿਫ਼ਟ ਪੈਕ ਤਾਂ ਖੋਲ੍ਹਿਆ ਉਸ ‘ਚੋਂ ਇੱਕ ਪੈਨ ਡਰਾਈਵ ਰੂਪੀ ਬੰਬ ਨੂੰ ਵੀ ਬਾਹਰ ਕੱਢਿਆ, ਪਰ ਉਸ ਨੂੰ ਅੱਗ ਨਾ ਲਾਈ। ਦਰਅਸਲ ਦਿਵਾਲੀ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਰੇ ਕੈਬਨਿਟ ਮੰਤਰੀਆਂ ਦੀ ਫੋਟੋ ਸ਼ੇਅਰ ਕੀਤੀ ਸੀ ਅਤੇ ਕਿਹਾ ਕਿ ਮੈਂ ਆਪ ਜੀ ਨੂੰ ਇੱਕ ਮੰਤਰੀ ਦਾ ਤੋਹਫਾ ਭੇਜ ਰਿਹਾ ਹਾਂ ਤੁਸੀਂ ਉਸ ਮੰਤਰੀ ਨਾਲ ਹੱਥ ਤੱਕ ਨਹੀਂ ਮਿਲਾਉਗੇ।
ਦਾ ਅਡੀਟਰ ਨਿਊਜ਼ ਨੂੰ ਮਿਲੀ ਐਕਸਿਊਲਸਿਵ ਜਾਣਕਾਰੀ ਅਨੁਸਾਰ ਇਹ ਵੀਡੀਓ ਦੁਆਬੇ ਨਾਲ ਸਬੰਧਿਤ ਇੱਕ ਮੰਤਰੀ ਨਾਲ ਦੱਸੀ ਜਾ ਰਹੀ ਹੈ। ਹਲਾਂਕਿ ਇਸ ਗੱਲ ਦੇ ਪੁਖਤਾ ਹੋਣ ਦੀ ਜਾਣਕਾਰੀ ਦੀ ਵਜ੍ਹਾ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਸ ਮੰਤਰੀ ਦੇ ਕੁੱਝ ਕਰੀਬੀਆਂ ਵੱਲੋਂ ਕੁੱਝ ਅਕਾਲੀ ਨੇਤਾਵਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਨੇਤਾਵਾਂ ਨੂੰ ਇਹ ਗੱਲ ਲਈ ਜ਼ੋਰ ਪਾਇਆ ਜਾ ਰਿਹਾ ਸੀ ਕਿ ਉਹ ਮਜੀਠੀਆ ਨੂੰ ਅਜਿਹਾ ਕਰਨ ਤੋਂ ਰੋਕਣ, ਹਲਾਂਕਿ ਉਨ੍ਹਾਂ ਨੇਤਾਵਾਂ ਨੇ ਅਜਿਹਾ ਕਰਨ ਤੋਂ ਸਾਫ ਮਨਾਂ ਕਰ ਦਿੱਤਾ ਸੀ।
ਸੂਤਰਾਂ ਦੀ ਮੰਨੀਏ ਤਾਂ ਇਹ ਵੀਡੀਓ ਕਟਾਰੂਚੱਕ ਕਾਂਡ ਦੀ ਹੀ ਕਾਰਬਨ ਕਾਪੀ ਹੈ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਵੱਲੋਂ ਇਸ ਵੀਡੀਓ ਨੂੰ ਕਾਨੂੰਨੀ ਅੜਚਣਾਂ ਦਾ ਹਵਾਲਾ ਦੇ ਕੇ ਨਾ ਚਲਾਉਣ ਦੀ ਗੱਲ ਕਹੀ ਗਈ ਹੈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ‘ਚ ਬਿਕਰਮ ਸਿੰਘ ਮਜੀਠੀਆ ਨੂੰ ਵੰਗਾਰਿਆ ਗਿਆ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੰਤਰੀ ਦੀ ਨੀਲੀ ਵੀਡੀਓ ਕਾਂਡ ਬਾਰੇ ਜਾਣਕਾਰੀ ਹੈ।
ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਅਕਾਊਂਟ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਖਬਿਤ ਹੁੰਦਿਆਂ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਸੀ, ਜਿਸ ‘ਤੇ ਕਾਫੀ ਦਿਨ ਬੀਤਣ ਬਾਅਦ ਵੀ ਕੋਈ ਵੀ ਕਾਰਵਾਈ ਨਾ ਹੁੰਦੀ ਦੇਖ ਅੱਜ ਫੇਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਉਮੀਦ ਸੀ ਕਿ ਮੇਰੇ ਵੱਲੋਂ ਇਸ਼ਾਰਾ ਕਰਨ ‘ਤੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਅਨਮੋਲ ਹੀਰਿਆਂ ਚੋਂ ਇੱਕ ਦੀ ਹਰਕਤ ਬਾਰੇ ਪਤਾ ਲਗਾ ਕੇ ਕਾਰਵਾਈ ਕਰਨਗੇ, ਪਰ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ। ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੇਰੇ ਵੱਲੋਂ ਚੁੱਕੇ ਗਏ ਮੁੱਦੇ ‘ਤੇ ਕੋਈ ਕਾਰਵਾਈ ਨਹੀਂ ਕੀਤੀ, ਪਰ ਜਦੋਂ ਉਨ੍ਹਾਂ ਨੇ ਕਿਸੇ ਵਿਰੋਧੀ ਪਾਰਟੀ ਦੇ ਕਿਸੇ ਲੀਡਰ ‘ਤੇ ਕਾਰਵਾਈ ਕਰਨੀ ਹੁੰਦੀ ਹੈ ਤਾਂ ਉਸ ਦੇ ਸੌਣ, ਉੱਠਣ, ਰੋਟੀ ਖਾਣ, ਆਉਣ-ਜਾਣ ਸਭ ਬਾਰੇ ਪਤਾ ਹੁੰਦਾ ਹੈ। ਪਰ ਫੇਰ ਇਹ ਅਗਲੇ ਨੂੰ ਪਾਣੀ ਵੀ ਨਹੀਂ ਪੀਣ ਦਿੰਦੇ ਅਤੇ ਕਰਵਾਈ ਕਰ ਦਿੰਦੇ ਹਨ।
ਅੱਗੇ ਮਜੀਠੀਆ ਨੇ ਕਿਹਾ ਕਿ ਉਸ ਕਿਸੇ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ, ਇਸ ਦੇ ਲਈ ਉਹ ਉਹ ਇੱਕ-ਦੋ ਦਿਨ ਹੋਰ ਦੇਖ ਕੇ ਮੁੱਖ ਮੰਤਰੀ ਕੋਲ ਪਹੁੰਚ ਕਰਨਗੇ ਅਤੇ ਉਨ੍ਹਾਂ ਨੂੰ ਖੁਦ ਸਬੂਤ ਦੇਣਗੇ ਅਤੇ ਉਮੀਦ ਕਰਨਗੇ ਕਿ ਉਹ ਕਾਰਵਾਈ ਕਰਨਗੇ।
ਪਰ ਮਜੀਠੀਆ ਨੇ ਇਸ ਵਾਰ ਵੀ ਚੁਸਕੀ ਲੈਂਦਿਆਂ ਮਾਨ ਦੇ ਕਿਸੇ ਵੀ ਲੀਡਰ ਦਾ ਨਾਂਅ ਨਹੀਂ ਲਿਆ ਅਤੇ ਕਿਹਾ ਕਿ, “ਉਹ ਇਨ੍ਹਾਂ ਤੋਂ ਬਚ ਕੇ ਰਹੋ, ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ ਹੈ।” ਪਰ ਇਥੇ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਬਿਕਰਮ ਮਜੀਠੀਆ ਕੋਲ ਅਜਿਹਾ ਕੀ ਹੈ ਕਿ ਉਹ ਵਾਰ-ਵਾਰ ਇਸ ਮੁੱਦੇ ਨੂੰ ਮੀਡੀਆ ‘ਚ ਲੈ ਕੇ ਆ ਰਹੇ ਹਨ।
ਅੱਜ ਇੱਕ ਵਾਰ ਫੇਰ ਬਿਕਰਮ ਸਿੰਘ ਮਜੀਠੀਆ ਨੇ ਮੁਸਕਰਾਉਂਦਿਆ ਕਿਹਾ ਕਿ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਸਭ ਕੁਝ ਪਤਾ ਲੱਗ ਜਾਵੇਗਾ। ਪਰ ਇਹ ਚੀਜ਼ ਸਿਰਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਦੇ ਦੇਖਣ ਲਾਇਕ ਹੈ, ਉਹ ਫਿਲਹਾਲ ਇਸ ਨੂੰ ਜਨਤਕ ਨਹੀਂ ਕਰਨਗੇ। ਅੱਜ ਦੀ ਪ੍ਰੈਸ ਕਾਨਫਰੰਸ ‘ਚ ਅੱਜ ਫੇਰ ਮਜੀਠੀਆ ਫੇਰ ਭੇਤ ਗੁੱਝਾ ਹੀ ਰੱਖ ਗਏ।