ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ———- ਐਸਜੀਪੀਸੀ ਦੀ ਹੋਣ ਜਾ ਰਹੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਦਰਜ ਕਰੇਗਾ ਕਿਉਂਕਿ ਸਿੱਖ ਪੰਥ ਚੰਗੀ ਤਰ੍ਹਾਂ ਜਾਣਦਾ ਹੈ ਕਿ ਪੰਥ ਹਿਤੈਸ਼ੀ ਸਿਰਫ ਤੇ ਸਿਰਫ ਅਕਾਲੀ ਦਲ ਹੀ ਹੈ, ਇਹ ਪ੍ਰਗਟਾਵਾ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਇੰਚਾਰਜ ਸੰਦੀਪ ਸਿੰਘ ਸੀਕਰੀ ਵੱਲੋਂ ਕੀਤਾ ਗਿਆ ਤੇ ਨਾਲ ਹੀ ਦੱਸਿਆ ਗਿਆ ਕਿ ਹਲਕਾ ਸ਼ਾਮਚੁਰਾਸੀ ਸਮੇਤ ਜਿਲ੍ਹੇ ਦੇ ਦੂਸਰੇ ਹਲਕਿਆਂ ਵਿੱਚ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਵੇਂ ਵੋਟਾਂ ਬਣਾਉਣ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਹੈ ਲੇਕਿਨ ਇਸਦੇ ਬਾਵਜੂਦ ਪੰਥ ਹਿਤੈਸ਼ੀ ਸਿੱਖਾਂ ਵੱਲੋਂ ਪੂਰੀ ਗੰਭੀਰਤਾ ਦਿਖਾਉਦੇ ਹੋਏ ਵੋਟਾਂ ਬਣਾਈਆਂ ਜਾ ਰਹੀਆਂ ਹਨ, ਸੰਦੀਪ ਸੀਕਰੀ ਵੱਲੋਂ ਇਸ ਸਮੇਂ ਪਾਰਟੀ ਦੇ ਸੀਨੀਅਰ ਤੇ ਯੂਥ ਆਗੂਆਂ ਨੂੰ ਅਪੀਲ ਕੀਤੀ ਗਈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਭਾਜਪਾ ਵੱਲੋਂ ਐਸਜੀਪੀਸੀ ਚੋਣਾ ਵਿੱਚ ਕੀਤੀ ਜਾ ਰਹੀ ਦਖਲਅੰਦਾਜੀ ਪ੍ਰਤੀ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਦੱਸਿਆ ਜਾਵੇਂ ਕਿ ਕਿਵੇਂ ਇਹ ਪਾਰਟੀਆਂ ਸਿੱਧੇ ਤੇ ਅਸਿੱਧੇ ਤੌਰ ਉੱਪਰ ਗੁਰਦੁਆਰਾ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਸਾਜਿਸ਼ਾਂ ਕਰ ਰਹੀਆਂ ਹਨ ਤਾਂ ਜੋ ਪੰਥ ਦਾ ਨੁਕਸਾਨ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਾ ਪ੍ਰਬੰਧਾਂ ਨੂੰ ਗਲਤ ਹੱਥਾਂ ਵਿੱਚੋ ਬਾਹਰ ਕੱਢਣ ਲਈ ਪਿਛਲੇ ਸਮੇਂ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਗਈਆਂ ਹਨ ਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਕੁਰਬਾਨੀਆਂ ਦੀ ਜਰੂਰਤ ਪਈ ਤਾਂ ਅਕਾਲੀ ਦਲ ਦੇ ਵਰਕਰ ਤੇ ਆਗੂ ਅੱਗੇ ਹੋ ਕੇ ਕੁਰਬਾਨੀਆਂ ਦੇਣਗੇ ਲੇਕਿਨ ਗੁਰਦੁਆਰਾ ਪ੍ਰਬੰਧਾਂ ਨੂੰ ਗਲਤ ਲੋਕਾਂ ਦੇ ਹੱਥਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਸੰਦੀਪ ਸੀਕਰੀ ਵੱਲੋਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਗਈ ਕਿ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਤੋਂ ਸੇਂਧ ਲੈਦੇ ਹੋਏ ਐਸਜੀਪੀਸੀ ਦੀਆਂ ਹੋਣ ਜਾ ਰਹੀਆਂ ਚੋਣਾ ਵਿੱਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਈ ਜਾਵੇ ਤਾਂ ਜੋ ਪੰਥ ਦੇ ਦੋਖੀਆਂ ਦੀਆਂ ਸਾਜਿਸ਼ਾਂ ਅਸਫਲ ਕੀਤੀਆਂ ਜਾ ਸਕਣ।