ਦਾ ਐਡੀਟਰ ਨਿਊਜ. ਚੰਡੀਗੜ੍ਹ ——– ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 1984 ਵਿੱਚ ਹੋਏ ਸਿੱਖ ਕਤਲੇਮਾਲ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਸਮੁੱਚੇ ਸਿੱਖ ਪੰਥ ਦੇ ਨਿਸ਼ਾਨੇ ਉੱਪਰ ਆ ਗਏ ਹਨ ਤੇ ਮੌਜੂਦਾ ਸਮੇਂ ਪੰਥਕ ਧਿਰਾਂ ਸਮੇਤ ਸਿਆਸੀ ਪਾਰਟੀਆਂ ਵੱਲੋਂ ਰਾਜਾ ਵੜਿੰਗ ਦੀ ਆਲੋਚਨਾ ਕੀਤੀ ਜਾ ਰਹੀ ਹੈ, ਜਿਕਰਯੋਗ ਹੈ ਕਿ ਰਾਜਾ ਵੜਿੰਗ ਵੱਲੋਂ 1984 ਵਿੱਚ ਦਿੱਲੀ ਸਮੇਤ ਦੇਸ਼ ਭਰ ਵਿੱਚ ਸਿੱਖ ਵਿਰੋਧੀ ਹੋਏ ਦੰਗਿਆਂ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਕਮਲਨਾਥ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਜਿਸ ਪਿੱਛੋ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਰਾਜਾ ਵੜਿੰਗ ਇੰਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਰਿਹਾ ਹੈ ਤੇ ਹੁਣ ਇਸ ਨੂੰ ਕਮਲਨਾਥ ਦੁੱਧ ਧੋਤਾ ਲੱਗ ਰਿਹਾ ਹੈ, ਮਜੀਠੀਆ ਨੇ ਕਿਹਾ ਕਿ ਰਾਜਾ ਵੜਿੰਗ ਨੇ ਸਿੱਖ ਪੰਥ ਦੇ ਜ਼ਖਮਾਂ ਉੱਪਰ ਲੂਣ ਛਿੜਕਿਆ ਹੈ ਤੇ ਇਹ ਵਾਰ-ਵਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਚੰਗਾ ਹੋਵੇਗਾ ਕਿ ਜੇਕਰ ਰਾਜਾ ਵੜਿੰਗ ਆਪਣੀ ਇਸ ਵੱਡੀ ਗਲਤੀ ਲਈ ਜਲਦ ਤੋਂ ਜਲਦ ਸਿੱਖ ਪੰਥ ਤੋਂ ਮੁਆਫੀ ਮੰਗ ਲਵੇ। ਰਾਜਾ ਵੜਿੰਗ ਦੇ ਇਸ ਪ੍ਰਗਟਾਵੇ ਪਿੱਛੋ ਪੰਜਾਬ ਸਮੇਤ ਦੇਸ਼-ਵਿਦੇਸ਼ ਵੱਸਦੇ ਸਿੱਖਾਂ ਵਿੱਚ ਰੋਸ ਦੀ ਲਹਿਰ ਹੈ ਤੇ ਹਰ ਪਾਸੇ ਇਸਦੀ ਆਲੋਚਨਾ ਹੋ ਰਹੀ ਹੈ, ਇੱਥੋ ਤੱਕ ਕੇ ਕਾਂਗਰਸੀ ਸੂਤਰ ਦੱਸਦੇ ਹਨ ਕਿ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂ ਰਾਜਾ ਵੜਿੰਗ ਤੋਂ ਇਸ ਮਾਮਲੇ ਵਿੱਚ ਬੇਹੱਦ ਖਫਾ ਦੱਸੇ ਜਾ ਰਹੇ ਹਨ ਤੇ ਇਨ੍ਹਾਂ ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਪਿਛਲੇ ਸਮੇਂ ਦੌਰਾਨ ਜਿਹੜੀਆਂ ਕੋਸ਼ਿਸ਼ਾਂ ਕਰਕੇ ਸਿੱਖਾਂ ਦੇ ਮਨਾਂ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਨ੍ਹਾਂ ਕੋਸ਼ਿਸ਼ਾਂ ਉੱਪਰ ਰਾਜਾ ਵੜਿੰਗ ਦੀ ਇਸ ਹਰਕਤ ਨੇ ਪਾਣੀ ਫੇਰ ਦਿੱਤਾ ਹੈ।
ਆਪ ਵੱਲੋਂ ਵੀ ਰਾਜਾ ਵੜਿੰਗ ’ਤੇ ਤਿੱਖਾ ਨਿਸ਼ਾਨਾ
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੰਬੇ ਹੱਥੀਂ ਲਿਆ ਗਿਆ ਹੈ ਤੇ ਉਨ੍ਹਾਂ ਕਿਹਾ ਹੈ ਕਿ ਰਾਜਾ ਵੜਿੰਗ ਵੱਲੋਂ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਸਿੱਖਾਂ ਦੇ ਜ਼ਖਮਾਂ ਉੱਪਰ ਲੂਣ ਛਿੜਕਿਆ ਹੈ, ਉਨ੍ਹਾਂ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਦੀਆਂ ਗਲੀਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤੇ ਇਸ ਸਮੇਂ ਦੌੌਰਾਨ ਕਮਲਨਾਥ ਵੱਲੋਂ ਨਿਭਾਈ ਗਈ ਭੂਮਿਕਾ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿਉਂਕਿ ਉਸ ਸਮੇਂ ਮੀਡੀਆ ਵੱਲੋਂ ਕਮਲਨਾਥ ਦੀ ਭੂਮਿਕਾ ਪ੍ਰਤੀ ਸੱਚ ਸਾਹਮਣੇ ਲਿਆਂਦਾ ਗਿਆ ਸੀ। ਕੰਗ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਸਿੱਖਾਂ ਲਈ ਇਨਸਾਫ ਦੀ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਨਾ ਕਿ ਸਿੱਖ ਨਸਲਕੁਸ਼ੀ ਲਈ ਜਿੰਮੇਵਾਰ ਲੋਕਾਂ ਨੂੰ ਕਲੀਨ ਚਿੱਟ ਦੇਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਸਿੱਖਾਂ ਦੇ ਹਿਰਦੇ ਨੂੰ ਵਲੂੰਧਰਣ ਵਾਲਾ ਕੰਮ ਕੀਤਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।