– ਪੁਲਿਸ ਨੇ ਕੀਤਾ ਗ੍ਰਿਫਤਾਰ
ਦਾ ਐਡੀਟਰ ਨਿਊਜ਼, ਰੋਪੜ ———- ਰੋਪੜ ‘ਚ ਇੱਕ ਵਕੀਲ ਆਪਣੀ ਪਤਨੀ ਅਤੇ ਨਾਬਾਲਗ ਪੁੱਤਰ ਨਾਲ ਮਿਲ ਕੇ ਬਜ਼ੁਰਗ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗਿਆਨੀ ਜ਼ੈਲ ਸਿੰਘ ਨਗਰ ‘ਚ ਆਪਣੀ ਮਾਂ ਨੂੰ ਮਿਲਣ ਆਈ ਬੇਟੀ ਨੇ ਕੈਮਰੇ ਦੀ ਸੀਸੀਟੀਵੀ ਫੁਟੇਜ ਦੇਖੀ। ਬੇਟੀ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਪੁਲਸ ਨੂੰ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀ ਵਕੀਲ ਅੰਕੁਰ ਵਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਪੁਲੀਸ ਨੇ ਅੰਕੁਰ ਵਰਮਾ ਤੋਂ ਇਲਾਵਾ ਉਸ ਦੀ ਪਤਨੀ ਸੁਧਾ ਵਰਮਾ ਅਤੇ ਨਾਬਾਲਗ ਪੁੱਤਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਰੋਪੜ ਦੇ ਐਸਐਚਓ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਬਿਮਾਰ ਬਜ਼ੁਰਗ ਮਾਂ ਦੀ ਕਾਫੀ ਸਮੇਂ ਤੋਂ ਕੁੱਟਮਾਰ ਕਰ ਰਿਹਾ ਸੀ। ਬਜੁਰਗ ਮਾਂ ਨੂੰ ਮਨੁੱਖਤਾ ਦੀ ਸੇਵਾ ਸੰਸਥਾ ਦੇ ਗੁਰਪ੍ਰੀਤ ਸਿੰਘ ਨੇ ਪੁਲਿਸ ਦੀ ਮਦਦ ਨਾਲ ਬਚਾਇਆ।
ਦਰਅਸਲ ਕੁਝ ਦਿਨ ਪਹਿਲਾਂ ਮਹਿਲਾ ਦੀ ਬੇਟੀ ਉਸ ਨੂੰ ਮਿਲਣ ਆਈ ਸੀ। ਮਾਂ ਨੇ ਬੇਟੀ ਨੂੰ ਦੱਸਿਆ ਕਿ ਉਸ ਦਾ ਬੇਟਾ, ਨੂੰਹ ਅਤੇ ਪੋਤਾ ਉਸ ਨਾਲ ਜ਼ੁਲਮ ਕਰ ਰਹੇ ਹਨ। ਘਰ ਵਿੱਚ ਸੀਸੀਟੀਵੀ ਲੱਗੇ ਹੋਏ ਸਨ। ਇਸ ਲਈ ਬੇਟੀ ਨੇ ਸੀਸੀਟੀਵੀ ਕੋਡ ਪਤਾ ਕੀਤਾ। ਜਿਸ ਤੋਂ ਬਾਅਦ ਜਦੋਂ ਉਸ ਨੇ ਸੀਸੀਟੀਵੀ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਉਸ ਨੇ ਦੇਖਿਆ ਕਿ ਬੇਟਾ ਆਪਣੀ ਮਾਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਪਤਨੀ ਨੇ ਔਰਤ ਨੂੰ ਥੱਪੜ ਵੀ ਮਾਰਿਆ। ਆਪਣੀ ਮਾਂ ‘ਤੇ ਤਸ਼ੱਦਦ ਨੂੰ ਦੇਖਦਿਆਂ ਉਸ ਨੇ ਇਲਾਕੇ ਦੀ ਮਾਨਵਤਾ ਸੇਵਾ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਪੂਰੀ ਵੀਡੀਓ ਸੌਂਪੀ। ਫਿਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਫਿਲਹਾਲ ਐੱਸਐੱਸਪੀ ਵਿਵੇਕਸ਼ੀਲ ਸੋਨੀ ਦੀ ਪਹਿਲਕਦਮੀ ਤੋਂ ਬਾਅਦ ਮਾਂ ਨੂੰ ਥਾਣਾ ਸਿਟੀ ਤੋਂ ਸੁਰੱਖਿਆ ਦਿੱਤੀ ਗਈ ਹੈ।
ਇਸ ਮਾਮਲੇ ਵਿੱਚ ਮਾਂ ਨੂੰ ਰੋਪੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਸਾਰੀ ਖੇਡ ਦਾ ਪਰਦਾਫਾਸ਼ ਹੋਇਆ ਤਾਂ ਦੋਸ਼ੀ ਵਕੀਲ ਨੇ ਹੱਥ ਜੋੜਨੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਅਤੇ ਹੁਣ ਉਹ ਆਪਣੀ ਮਾਂ ਦੀ ਸੇਵਾ ਕਰੇਗਾ। ਹਾਲਾਂਕਿ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।