ਦਾ ਐਡੀਟਰ ਨਿਊਜ.ਚੰਡੀਗੜ੍ਹ ——— ਸੂਬੇ ਵਿੱਚ ਇਸ ਸਮੇਂ ਯੂਰੀਆ ਤੇ ਡੀ.ਏ.ਪੀ.ਖਾਦ ਦੀ ਕਿੱਲਤ ਹੈ ਜਿਸ ਦਾ ਫਾਇਦਾ ਖਾਦ ਵੇਚਣ ਵਾਲੇ ਕਈ ਡੀਲਰ ਚੁੱਕ ਰਹੇ ਹਨ ਤੇ ਖਾਦ ਖਰੀਦਣ ਪਹੁੰਚਣ ਵਾਲੇ ਕਿਸਾਨਾਂ ਨੂੰ ਖਾਦ ਦੇ ਨਾਲ ਕਈ ਤਰ੍ਹਾਂ ਦੇ ਹੋਰ ਪ੍ਰੋਡਕਟ ਖਰੀਦਣ ਲਈ ਮਜਬੂਰ ਕਰ ਰਹੇ ਹਨ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਖਾਦ ਦੀ ਕਮੀ ਆਈ ਹੈ ਇਸ ਤੋਂ ਪਹਿਲਾ ਵੀ ਜਦੋਂ-ਜਦੋਂ ਫਸਲਾਂ ਦੀ ਬਿਜਾਈ ਦਾ ਸਮਾਂ ਆਉਦਾ ਹੈ ਤਦ-ਤਦ ਖਾਦ ਦੀ ਕਮੀ ਸਾਹਮਣੇ ਆ ਜਾਂਦੀ ਹੈ, ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਸੂਬੇ ਦੇ ਕਿਸਾਨ ਕਣਕ ਦੀ ਫਸਲ ਦੀ ਬਿਜਾਈ ਲਈ ਤਿਆਰੀਆਂ ਕਰ ਰਹੇ ਹਨ ਤੇ ਝੋਨਾ ਚੁੱਕ ਕੇ ਖੇਤ ਤਿਆਰ ਕੀਤੇ ਜਾ ਰਹੇ ਹਨ, ਝੋਨੇ ਦੀ ਫਸਲ ਪਿੱਛੋ ਜਿਸ ਜਮੀਨ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਉਸ ਲਈ ਡੀ.ਏ.ਪੀ. ਖਾਦ ਦੀ ਜਰੂਰਤ ਪੈਂਦੀ ਹੈ ਕਿਉਂਕਿ ਕਣਕ ਦੀ ਫਸਲ ਕਈ ਮਹੀਨਿਆਂ ਦਾ ਸਮਾਂ ਲੈਂਦੀ ਹੈ ਤੇ ਇਸੇ ਕਾਰਨ ਕਿਸਾਨ ਡੀ.ਏ.ਪੀ.ਖਾਦ ਖਰੀਦਣ ਲਈ ਡੀਲਰਾਂ ਤੱਕ ਪਹੁੰਚ ਕਰ ਰਹੇ ਹਨ ਜੋ ਅੱਗਿਓ ਖਾਦ ਦੀ ਕਮੀ ਹੋਣ ਬਾਰੇ ਕਿਸਾਨਾਂ ਨੂੰ ਦੱਸ ਰਹੇ ਹਨ। ਖੇਤੀਬਾੜੀ ਵਿਭਾਗ ਮੁਤਾਬਿਕ ਇਸ ਸੀਜਨ ਦੌਰਾਨ ਪੰਜਾਬ ਵਿੱਚ ਕੁੱਲ 34.90 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਫਸਲ ਦੀ ਬਿਜਾਈ ਹੋਣ ਜਾ ਰਹੀ ਹੈ।
ਜਿਲ੍ਹਾ ਖੇਤੀਬਾੜੀ ਅਧਿਕਾਰੀ ਜਲੰਧਰ-ਹੁਸ਼ਿਆਰਪੁਰ ਡਾ. ਜਸਵੰਤ ਰਾਏ ਨਾਲ ਜਦੋਂ ਖਾਦ ਦੀ ਬਲੈਕ ਮਾਰਕੀਟਿੰਗ ਤੇ ਟੈਗਿੰਗ ਹੋਣ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਡੀਲਰ-ਦੁਕਾਨਦਾਰ ਅਜਿਹਾ ਕਰ ਰਹੇ ਹਨ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਦੁਕਾਨਦਾਰ ਟੈਗਿੰਗ ਕਰਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਖੇਤੀਬਾੜੀ ਅਫਸਰਾਂ ਤੱਕ ਪਹੁੰਚਾਈ ਜਾਵੇ ਜਿਸ ਪਿੱਛੋ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।