ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——— ਬੁੱਧਵਾਰ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਛਗਿੱਛ ਲਈ ਰੋਕ ਲਿਆ। ਅਧਿਕਾਰੀਆਂ ਨੇ ਕਰੀਬ ਡੇਢ ਘੰਟਾ ਤਰਸੇਮ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਘਰ ਵਾਪਸ ਭੇਜ ਦਿੱਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਕੰਮ ਲਈ ਕਤਰ ਜਾ ਰਿਹਾ ਹੈ, ਪਰ ਉਸ ਨੂੰ ਕਤਰ ਜਾਣ ਦੀ ਇਜਾਜ਼ਤ ਨਹੀਂ ਮਿਲੀ।
ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਨੂੰ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ ਸੀ। ਇੱਥੇ ਪੁੱਛਗਿੱਛ ਤੋਂ ਬਾਅਦ ਕਿਰਨਦੀਪ ਨੂੰ ਘਰ ਭੇਜ ਦਿੱਤਾ ਗਿਆ ਸੀ।
23 ਫਰਵਰੀ ਨੂੰ ਅੰਮ੍ਰਿਤਪਾਲ ਨੇ ਆਪਣੇ ਇਕ ਸਮਰਥਕ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਥਾਣੇ ‘ਤੇ ਹਮਲਾ ਕੀਤਾ ਸੀ। ਉਦੋਂ ਤੋਂ ਉਹ ਪੁਲਿਸ ਦੇ ਰਡਾਰ ‘ਤੇ ਆ ਗਿਆ ਸੀ। 18 ਮਾਰਚ ਨੂੰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਘੇਰਾਬੰਦੀ ਕੀਤੀ ਪਰ ਉਹ ਫਰਾਰ ਹੋ ਗਿਆ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰੇ ਤੋਂ 36 ਦਿਨ ਭੱਜਣ ਤੋਂ ਬਾਅਦ ਫੜ ਲਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਲੈ ਗਈ। ਉਥੋਂ ਉਸ ਨੂੰ ਆਸਾਮ ਲਿਜਾਇਆ ਗਿਆ, ਜਿੱਥੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਅਥਾਰਟੀ ਦੇ ਹਵਾਲੇ ਕਰ ਦਿੱਤਾ। ਉਦੋਂ ਤੋਂ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਅੰਮ੍ਰਿਤਪਾਲ ਦੇ ਰੋਡੇ ਪਿੰਡ ਦੇ ਗੁਰਦੁਆਰੇ ਵਿੱਚ ਮੌਜੂਦ ਹੋਣ ਦੀ ਸੂਚਨਾ ਮਿਲਣ ’ਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਅਤੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਆਈਜੀ ਸਵੇਰੇ ਹੀ ਉਥੇ ਪੁੱਜੇ। ਸਾਦੀ ਵਰਦੀ ਵਿੱਚ ਪੁੱਜੀ ਪੁਲੀਸ ਟੀਮ ਨੇ ਅੰਮ੍ਰਿਤਪਾਲ ਨੂੰ ਸਵੇਰੇ ਗ੍ਰਿਫ਼ਤਾਰ ਕਰ ਲਿਆ ਸੀ।
ਅੰਮ੍ਰਿਤਪਾਲ ਦੀ ਐਨਆਰਆਈ ਪਤਨੀ ਕਿਰਨਦੀਪ ਕੌਰ ਨੂੰ 20 ਅਪਰੈਲ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ। ਉਹ ਲੰਡਨ ਜਾ ਰਹੀ ਸੀ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਿਰਨਦੀਪ ਕੌਰ ਤੋਂ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਕਿਰਨਦੀਪ ਕੌਰ ਨੂੰ ਵਾਪਸ ਜੱਲੂਪੁਰ ਖੇੜਾ ਪਿੰਡ ਭੇਜ ਦਿੱਤਾ ਗਿਆ ਜੋ ਕਿ ਅੰਮ੍ਰਿਤਪਾਲ ਦਾ ਜੱਦੀ ਪਿੰਡ ਹੈ।
ਇਸ ਘਟਨਾ ਦੇ ਅਗਲੇ ਹੀ ਦਿਨ ਅੰਮ੍ਰਿਤਪਾਲ ਸਾਹਮਣੇ ਆਇਆ। ਇਸ ਤੋਂ ਇਲਾਵਾ ਅੰਮ੍ਰਿਤਪਾਲ ਦੇ ਕਰੀਬੀ ਪਪਲਪ੍ਰੀਤ ਨੂੰ ਵੀ ਪੁਲਿਸ ਨੇ ਫੜ ਲਿਆ ਸੀ। ਜਿਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਲੁਕਣ ਲਈ ਥਾਂ ਨਹੀਂ ਮਿਲ ਰਹੀ ਸੀ। ਜਿਸ ਤੋਂ ਬਾਅਦ ਉਹ ਆਤਮ ਸਮਰਪਣ ਕਰਨ ਲਈ ਅੱਗੇ ਆਇਆ ਪਰ ਪੁਲਿਸ ਨੇ ਉਸ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਿਆ।