– ਸਰਕਾਰ ਮਾਲ ਬਣਾਉਣ ਦੀ ਥਾਂ ਪਾਰਕ ਨੂੰ ਦੇਵੇ ਤਰਜ਼ੀਹ-ਪਰਮਜੀਤ ਸੱਚਦੇਵਾ
ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ ——– ਫਿੱਟ ਬਾਈਕਰ ਕਲੱਬ ਵੱਲੋਂ ਸਥਾਨਕ ਸੈਸ਼ਨ ਚੌਂਕ ਤੋਂ ਲੈ ਕੇ ਘੰਟਾਘਰ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀਆਂ ਕਚਿਹਰੀਆਂ ਦੀ ਖਾਲ੍ਹੀ ਹੋਈ ਜਗ੍ਹਾਂ ਉੱਪਰ ਕਿਸੇ ਮਾਲ ਦੀ ਉਸਾਰੀ ਕਰਨ ਥਾਂ ਇਸ ਜਗ੍ਹਾਂ ਉੱਪਰ ਇੱਕ ਪਾਰਕ ਦਾ ਨਿਰਮਾਣ ਕੀਤਾ ਜਾਵੇ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸਵੇਰੇ-ਸ਼ਾਮ ਜਿੱਥੇ ਸ਼ਹਿਰ ਦੇ ਅੰਦਰ ਹੀ ਸੈਰ ਕਰਨ ਦੀ ਸਹੂਲਤ ਮਿਲ ਸਕੇਗੀ ਉੱਥੇ ਹੀ ਸ਼ਹਿਰ ਦਾ ਅੰਦਰਲਾ ਹਿੱਸਾ ਹਰਾ-ਭਰਾ ਰਹੇਗਾ, ਇਸ ਕੈਂਡਲ ਮਾਰਚ ਦੀ ਅਗਵਾਈ ਕਰ ਰਹੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਤੇ ਸਮਾਜਸੇਵੀ ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸ਼ਹਿਰ ਦੇ ਅੰਦਰ ਜਿੱਥੇ ਪਾਰਕ ਦੀ ਵੱਡੀ ਜਰੂਰਤ ਹੈ ਉੱਥੇ ਹੀ ਪੁਰਾਣੀਆਂ ਕਚਿਹਰੀਆਂ ਦੀਆਂ ਵਿਹਲੀਆਂ ਹੋਈਆਂ ਬਿਲਡਿੰਗਾਂ ਜੋ ਕਿ 100 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ ਨੂੰ ਵਿਰਾਸਤ ਵਜ੍ਹੋਂ ਸੰਭਾਲਿਆ ਜਾਣਾ ਚਾਹੀਦਾ ਹੈ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਿਛੋਕੜ ਨਾਲ ਜੋੜਨਗੀਆਂ।

ਉਨ੍ਹਾਂ ਕਿਹਾ ਕਿ ਇਸ ਜਗ੍ਹਾਂ ਉੱਪਰ 100 ਸਾਲ ਤੋਂ ਵੀ ਵੱਧ ਪੁਰਾਣੇ ਕਈ ਵੱਡੇ ਦਰੱਖਤ ਹਨ ਜੋ ਕਿ ਸ਼ਹਿਰ ਵਾਸੀਆਂ ਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਲੇਕਿਨ ਜੇਕਰ ਸਰਕਾਰ ਨੇ ਇਸ ਥਾਂ ਕਿਸੇ ਬਿਲਡਿੰਗ ਦੀ ਉਸਾਰੀ ਕਰਵਾਈ ਤਾਂ ਸਭ ਤੋਂ ਪਹਿਲਾ ਇਹ ਦਰੱਖਤ ਹੀ ਵੱਢੇ ਜਾਣਗੇ ਜੋ ਕਿ ਸ਼ਹਿਰ ਵਾਸੀਆਂ ਲਈ ਚੰਗਾ ਨਹੀਂ ਹੋਵੇਗਾ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਪਾਸ ਪਾਰਕ ਦਾ ਨਿਰਮਾਣ ਕਰਨ ਜਾਂ ਫਿਰ ਰੱਖ-ਰਖਾਅ ਕਰਨ ਪ੍ਰਤੀ ਫੰਡਾਂ ਦੀ ਕਮੀ ਹੈ ਤਾਂ ਹੁਸ਼ਿਆਰਪੁਰ ਵਾਸੀ ਇਹ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਨ ਜਿਸ ਤਹਿਤ ਸ਼ਹਿਰ ਵਾਸੀ ਖੁਦ ਹੀ ਪੈਸੇ ਦਾ ਆਪਣੇ ਪੱਧਰ ’ਤੇ ਪ੍ਰਬੰਧ ਕਰਕੇ ਜਿੱਥੇ ਸੋਹਣੀ ਪਾਰਕ ਬਣਾਉਣਗੇ ਉੱਥੇ ਹੀ ਇਸ ਦੇ ਰੱਖ-ਰਖਾਅ ਪ੍ਰਤੀ ਭਵਿੱਖ ਦੀ ਪੂਰੀ ਜਿੰਮੇਵਾਰੀ ਵੀ ਸ਼ਹਿਰ ਵਾਸੀ ਹੀ ਨਿਭਾਉਣਗੇ ਇਸ ਲਈ ਪੰਜਾਬ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਸ ਪਾਸੇ ਫੈਸਲਾ ਲੈਣਾ ਚਾਹੀਦਾ ਹੈ।
ਪਰਮਜੀਤ ਸੱਚਦੇਵਾ ਨੇ ਕਿਹਾ ਕਿ ਪਾਰਕ ਬਣਾਉਣ ਦੀ ਇਸ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਆਉਦੇ ਦਿਨਾਂ ਦੌਰਾਨ ਜਿਲ੍ਹੇ ਨਾਲ ਸਬੰਧਿਤ ਮੰਤਰੀ, ਵਿਧਾਇਕਾਂ, ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਜਾਣਗੇ ਤੇ ਨਾਲ ਹੀ ਮੁੱਖ ਮੰਤਰੀ ਦਫਤਰ ਤੱਕ ਵੀ ਪਹੁੰਚ ਬਣਾਈ ਜਾਵੇਗੀ। ਕੈਂਡਲ ਮਾਰਚ ਦੌਰਾਨ ਸਵ. ਸਾਈਕਲਿਸਟ ਗੁਰਬਚਨ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਇਸ ਮੌਕੇ ਅਰੁਣ ਕੁਠਿਆਲਾ, ਜਸਵਿੰਦਰ ਸਿੰਘ, ਮਨੀ ਗੋਗੀਆ, ਹਰਕ੍ਰਿਸ਼ਨ ਕਾਜਲਾ, ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਗੁਰਮੇਲ ਸਿੰਘ, ਸੰਦੀਪ ਸੂਦ, ਅਮਰਿੰਦਰ ਸੈਣੀ, ਬਲਰਾਜ ਚੌਹਾਨ, ਤਰਲੋਚਨ ਸਿੰਘ, ਸੌਰਵ ਸਰਮਾ, ਉਕਾਂਰ ਸਿੰਘ, ਦੌਲਤ ਸਿੰਘ, ਯੋਗੇਸ਼, ਵਿਮਲ ਕੁਠਾਲਾ, ਡਾ. ਰਾਜੇਸ਼ ਮਹਿਤਾ ਆਈ.ਐੱਮ.ਏ., ਆਦੇਸ਼ ਬਹਿਲ ਸੀ.ਏ.ਐਸੋਸੀਏਸ਼ਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।