ਦਾ ਐਡੀਟਰ, ਚੰਡੀਗੜ੍ਹ ——– ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬੇਹੱਦ ਨਜਦੀਕੀ ਬਾਬਾ ਸੰਧੂ ਨੂੰ ਵੀ ਗੋਲਡੀ ਬਰਾੜ ਵੱਲੋਂ ਕਥਿਤ ਧਮਕੀ ਲਾਉਣ ਦੀ ਜਾਣਕਾਰੀ ਮਿਲ ਰਹੀ ਹੈ। ਜਿਸ ਦੇ ਚਲਦਿਆਂ ਉਸ ਨੇ ਮੋਹਾਲੀ ਪੁਲਿਸ ਤੱਕ ਪਹੁੰਚ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਐਸ ਪੀ ਇਨਵੈਸਟੀਗੇਸ਼ਨ ਅਮਰਜੀਤ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਦੀ ਗਹਿਰਾਈ ‘ਚ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਕੁੱਝ ਵਿਅਕਤੀਆਂ ਦਾ ਇਹ ਵੀ ਮੰਨਣਾ ਹੈ ਕਿ ਅਜਿਹਾ ਗੰਨਮੈਨ ਲੈਣ ਲਈ ਖੇਲ ਰਚਿਆ ਗਿਆ ਹੈ।
ਮੋਹਾਲੀ ਪੁਲਿਸ ਹੀ ਨਹੀਂ ਬਲਕਿ ਇਨ੍ਹਾਂ ਮਾਮਲਿਆਂ ‘ਤੇ ਨਿਗ੍ਹਾ ਰੱਖ ਰਹੀਆਂ ਖੁਫੀਆ ਏਜੰਸੀਆਂ ਵੀ ਬਾਬਾ ਸੰਧੂ ਦਾ ਅੱਗਾ-ਪਿੱਛਾ ਖੰਗਾਲਣ ਲੱਗ ਪਈਆਂ ਹਨ। ਇੱਥੇ ਇਹ ਗੱਲ ਕਰਨੀ ਵਾਜਵ ਹੋਵੇਗੀ ਕਿ ਬਾਬਾ ਸੰਧੂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਰੀਬੀ ਸੀ ਅਤੇ ਇਹ ਸਭ ਤੋਂ ਪਹਿਲਾਂ ਉਸ ਸਮੇਂ ਚਰਚਾ ‘ਚ ਸਾਹਮਣੇ ਆਇਆ ਸੀ ਜਦੋਂ ਅਕਾਲੀ ਨੇਤਾ ਵਿੱਕੀ ਮਿੱਡੂਖੇੜੇ ਦਾ ਕਤਲ ਹੋਇਆ ਸੀ ਅਤੇ ਜਾਂਚ ਏਜੰਸੀਆਂ ਨੂੰ ਇਹ ਸ਼ੱਕ ਸੀ ਕਿ ਵਿੱਕੀ ਮਿੱਡੂਖੇੜੇ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਮੋਹਾਲੀ ‘ਚੋਂ ਬਾਹਰ ਕੱਢਣ ‘ਚ ਬਾਬਾ ਸੰਧੂ ਨੇ ਹੀ ਕਥਿਤ ਅਹਿਮ ਭੂਮਿਕਾ ਨਿਭਾਈ ਸੀ ਅਤੇ ਏਥੇ ਹੀ ਨਹੀਂ ਸ਼ੂਟਰਾਂ ਨੂੰ ਸਿੱਧੂ ਮੂਸੇਵਾਲੇ ਦੇ ਪੀ ਏ ਦੇ ਘਰ ਠਹਿਰਾਉਣ ਦੇ ਭੂਮਿਕਾ ਦੀ ਵੀ ਚਰਚਾ ਛਿੜੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਕਹਾਣੀ ਦੇ ਸਾਰੇ ਅਹਿਮ ਤੱਥ ਐਨ ਆਈ ਏ ਦੇ ਖੁਫੀਆ ਵਹੀ-ਖਾਤਿਆਂ ‘ਚ ਦਰਜ ਹਨ ਅਤੇ ਇਹ ਵੀ ਚਰਚਾ ਛਿੜੀ ਸੀ ਕਿ ਸਾਰੇ ਮਾਮਲੇ ਨੂੰ ਦਬਾਉਣ ‘ਚ ਰਾਜਾ ਵੜਿੰਗ ਨੇ ਵੀ ਕਥਿਤ ਅਹਿਮ ਭੂਮਿਕਾ ਨਿਭਾਈ ਸੀ।
ਭਰੋਸੇਯੋਗ ਸੂਤਰਾਂ ਤੋਂ ਇਹ ਅਹਿਮ ਜਾਣਕਾਰੀ ਮਿਲੀ ਹੈ ਕਿ ਪੰਜਾਬ ਅਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਬਾਬਾ ਸੰਧੂ ਦੇ ਕਥਿਤ ਬੰਬੀਹਾ ਗਰੁੱਪ ਨਾਲ ਸਾਂਝਾ ਦੀ ਪੈੜ ਨੱਪ ਰਹੀਆਂ ਹਨ। ਏਥੇ ਇਹ ਗੱਲ ਕਰਨੀ ਵੀ ਵਾਜਵ ਹੋਵੇਗੀ ਕਿ ਸਿੱਧੂ ਮੂਸੇਵਾਲੇ ਨੂੰ ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ ਦੀ ਦਲਦਲ ‘ਚ ਧੱਕਣ ਲਈ ਬਾਬਾ ਸੰਧੂ ਦੀ ਕਥਿਤ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਤਮਾਮ ਮੁੱਦਿਆਂ ਬਾਰੇ ਬਾਬਾ ਸੰਧੂ ਦਾ ਪੱਖ ਜਾਨਣ ਲਈ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੋਈ ਵੀ ਕੁਮੈਂਟ ਨਹੀਂ ਕਰਨਾ ਚਾਹੁੰਦੇ।