ਦਾ ਐਡੀਟਰ ਨਿਊਜ਼.ਚੰਡੀਗੜ੍ਹ ——– ਆਪ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨਿਸ਼ਾਨ ਸਿੰਘ ਨੂੰ ਰੇਤ ਤਸਕਰੀ ਦੇ ਇਲਜਾਮ ਹੇਠ ਗਿ੍ਰਫਤਾਰ ਕਰਨ ਵਾਲੇ ਐਸਐਸਪੀ ਤਰਨਤਾਰਨ ਗੁਰਮੀਤ ਸਿੰਘ ਚੌਹਾਨ ਦਾ ਪੰਜਾਬ ਸਰਕਾਰ ਵੱਲੋਂ ਭਾਵੇਂ ਵਿਧਾਇਕ ਅੱਗੇ ਝੁਕਦਿਆ ਤਬਾਦਲਾ ਕਰ ਦਿੱਤਾ ਗਿਆ ਹੈ ਲੇਕਿਨ ਤਰਨਤਾਰਨ ਪੁਲਿਸ ਵੱਲੋਂ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੂੰ ਦਿੱਤੀ ਗਈ ਸ਼ਾਨਦਾਰ ਵਿਦਾਇਗੀ ਜਿੱਥੇ ਪੰਜਾਬ ਪੁਲਿਸ ਦਾ ਮਨੋਬਲ ਵਧਾਉਣ ਵਾਲੀ ਹੈ ਉੱਥੇ ਹੀ ਦਬਾਅ ਹੇਠ ਫੈਸਲਾ ਲੈਣ ਵਾਲੀ ਪੰਜਾਬ ਸਰਕਾਰ ਦੇ ਸਿਰ ਖੇਹ ਪਾਉਣ ਵਾਲੀ ਹੈ, ਐਸਐਸਪੀ ਗੁਰਮੀਤ ਸਿੰਘ ਚੌਹਾਨ ਜਿਵੇਂ ਹੀ ਆਪਣੇ ਦਫਤਰ ਵਿੱਚੋ ਬਾਹਰ ਆਏ ਤਦ ਬਾਹਰ ਮੌਜੂਦ ਜਿਲ੍ਹਾ ਪੁਲਿਸ ਦੇ ਅਧਿਕਾਰੀਆਂ-ਮੁਲਾਜਿਮਾਂ ਨੇ ਉਨ੍ਹਾਂ ਨੂੰ ਫੁੱਲਾਂ ਨਾਲ ਲੱਦੀ ਜਿਪਸੀ ਵਿੱਚ ਚੜ੍ਹਾਇਆ ਤੇ ਫਿਰ ਉਨ੍ਹਾਂ ਉੱਪਰ ਫੁੱਲਾਂ ਦਾ ਮੀਂਹ ਵਰ੍ਹਾਇਆ ਗਿਆ, ਤਰਨਤਾਰਨ ਪੁਲਿਸ ਵੱਲੋਂ ਆਪਣੇ ਅਧਿਕਾਰੀ ਪ੍ਰਤੀ ਵਿਖਾਏ ਗਏ ਇਸ ਜਜ਼ਬੇ ਦੀਆਂ ਗੱਲਾਂ ਸੂਬੇ ਵਿੱਚ ਥਾਂ-ਥਾਂ ਹੋ ਰਹੀਆਂ ਹਨ ਤੇ ਨਾਲ ਹੀ ਲੋਕਾਂ ਦੇ ਬੁੱਲ੍ਹਾਂ ਉੱਪਰ ਇੱਕ ਸਵਾਲ ਆਮ ਚੱਲ ਪਿਆ ਹੈ ਕਿ ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਨੇ ਆਖਿਰ ਕਿਉਂ ਇੱਕ ਇਮਾਨਦਾਰ ਅਫਸਰ ਨੂੰ ਖੁੱਡੇ ਲਾਇਨ ਲਾਉਣ ਦੀ ਕਾਰਵਾਈ ਕੀਤੀ ਹੈ।
ਜਿਕਰਯੋਗ ਹੈ ਕਿ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੂੰ ਪੰਜਾਬ ਸਰਕਾਰ ਨੇ ਇਸ ਗੱਲ ਕਰਕੇ ਬਦਲਿਆ ਹੈ ਕਿਉਂਕਿ ਉਨਾਂ ਨੇ ਸੱਤਾਧਾਰੀ ਧਿਰ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਜੀਜੇ ਨਿਸ਼ਾਨ ਸਿੰਘ ਨੂੰ ਰੰਗੇ ਹੱਥੀ ਰੇਤ ਤਸਕਰੀ ਦੇ ਇਲਜ਼ਾਮ ਵਿੱਚ ਫੜਿਆ ਸੀ, ਉਹਨਾਂ ਨੂੰ ਉਸ ਸਮੇਂ ਫੜਿਆ ਸੀ ਜਦੋਂ ਤਰਨਤਾਰਨ ਦੇ ਇੱਕ ਇਲਾਕੇ ਵਿੱਚ ਵੱਡੇ ਪੱਧਰ ’ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ ਅਤੇ ਉਨਾਂ ਨਾਲ ਕਈ ਹੋਰ ਵਿਅਕਤੀ ਵੀ ਗ੍ਰਿਫਤਾਰ ਕੀਤੇ ਗਏ ਸਨ ਅਤੇ ਮੌਕੇ ਤੋਂ ਕਈ ਟਿੱਪਰ ਅਤੇ ਹੋਰ ਮਾਈਨਿੰਗ ਦਾ ਸਾਜੋ ਸਮਾਨ ਵੀ ਫੜਿਆ ਗਿਆ ਸੀ, ਆਪਣੇ ਰਿਸ਼ਤੇਦਾਰ ਦੀ ਗਿ੍ਰਫਤਾਰੀ ਪਿੱਛੋ ਮਨਜਿੰਦਰ ਸਿੰਘ ਲਾਲਪੁਰਾ ਨੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਅਤੇ ਫੇਸਬੁੱਕ ’ਤੇ ਪੋਸਟ ਪਾ ਕੇ ਸ਼ਰੇਆਮ ਐਸਐਸਪੀ ਨੂੰ ਧਮਕੀਆਂ ਦੇ ਦਿੱਤੀਆਂ ਸਨ ਅਤੇ ਚੈਲੰਜ ਕੀਤਾ ਸੀ ਕਿ ਉਹ ਐਮਐਲਏਸ਼ਿਪ ਛੱਡ ਕੇ ਆਉਂਦੇ ਹਨ ਤੇ ਤੂੰ (ਗੁਰਮੀਤ ਚੌਹਾਨ) ਆਪਣੀ ਵਰਦੀ ਲਾਹ ਕੇ ਜਦੋ ਮਰਜ਼ੀ ਆ ਜਾਵੇ, ਵਿਵਾਦ ਵਧਿਆ ਤਾਂ ਸਰਕਾਰ ਐਮਐਲਏ ਦੇ ਦਬਾਅ ਹੇਠ ਝੁਕ ਗਈ ਅਤੇ ਪੰਜਾਬ ਦੇ ਸਭ ਤੋਂ ਇਮਾਨਦਾਰ ਮੰਨੇ ਜਾਂਦੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਨੂੰ ਬਦਲ ਦਿੱਤਾ ਗਿਆ, ਜਦੋਂ ਉਨਾਂ ਦਾ ਤਬਾਦਲਾ ਹੋਇਆ ਤਾਂ ਪੂਰੇ ਪੰਜਾਬ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਛਿੜ ਗਈ ਕਿ ਸਰਕਾਰ ਨੇ ਨਜਾਇਜ਼ ਮਾਈਨਿੰਗ ’ਤੇ ਮੋਹਰ ਲਾ ਦਿੱਤੀ ਹੈ, ਇਸ ਤਬਾਦਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਸਰਕਾਰ ’ਤੇ ਤੰਜ ਕੱਸੇ ਲੇਕਿਨ ਦੇਰ ਸ਼ਾਮੀ ਪੂਰੇ ਸੋਸ਼ਲ ਮੀਡੀਆ ਤੇ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਕਿ ਗੁਰਮੀਤ ਸਿੰਘ ਚੌਹਾਨ ਦੀ ਤਰਨਤਾਰਨ ਤੋਂ ਵਿਦਾਇਗੀ ਸਥਾਨਕ ਪੁਲਿਸ ਨੇ ਯਾਦਗਾਰ ਬਣਾ ਦਿੱਤੀ ਹੈ।

ਆਖਰ ਗੁਰਮੀਤ ਸਿੰਘ ਚੌਹਾਨ ਨੂੰ ਹੀ ਫੁੱਲਾਂ ਦੀ ਵਰਖਾ ਕਿਉਂ
ਜਦੋਂ ਗੁਰਮੀਤ ਸਿੰਘ ਚੌਹਾਨ ਦਾ ਤਬਾਦਲਾ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਮੁਕਤਸਰ ਦੇ ਐਸਐਸਪੀ ਹਰਮਨ ਬੀਰ ਸਿੰਘ ਗਿੱਲ ਦਾ ਵੀ ਤਬਾਦਲਾ ਹੋਇਆ ਸੀ ਅਤੇ ਉਹ ਵੀ ਫਾਰਗ ਹੋ ਕੇ ਆਪਣਾ ਦਫਤਰ ਛੱਡ ਕੇ ਗਏ ਹਨ ਲੇਕਿਨ ਉਹਨਾਂ ਦੀ ਵਿਦਾਇਗੀ ਬੇਹਦ ਖਾਮੋਸ਼ ਸੀ ਕਿਉਂਕਿ ਉੱਥੇ ਉਹਨਾਂ ਦੀ ਪੁਲਿਸ ਨੇ ਧੱਕਾ ਕੀਤਾ ਸੀ ਲੇਕਿਨ ਤਰਨ ਤਾਰਨ ਵਿੱਚ ਫੁੱਲਾਂ ਦੀ ਵਰਖਾ ਦੇ ਪਿੱਛੇ ਬਹੁਤ ਵੱਡਾ ਕਾਰਨ ਛੁਪਿਆ ਹੋਇਆ ਹੈ ਤੇ ਪੁਲਿਸ ਨੇ ਅਜਿਹਾ ਕਰਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਥੇ ਸਰਕਾਰ ਨੇ ਧੱਕਾ ਕੀਤਾ ਹੈ ਜਿਹੜਾ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਲਈ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ।
ਵਿਧਾਇਕ ਲਾਲਪੁਰਾ ’ਤੇ ਸਵਾਲ
ਇਸ ਘਟਨਾ ਤੋਂ ਬਾਅਦ ਇੱਕ ਕਾਗਜ ਦਾ ਟੱੁਕੜਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜੋ ਕਿ ਇਹ ਸਾਬਤ ਕਰਦਾ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਕਿਸੇ ਕੇਸ ਵਿੱਚ ਮੁਲਜਮ ਹਨ ਅਤੇ ਉਹਨਾਂ ਨੂੰ ਅਦਾਲਤ ਵੱਲੋਂ ਇਕ ਦਿਨ ਦੀ ਪੇਸ਼ੀ ਤੋਂ ਛੋਟ ਮਿਲੀ ਹੈ, ਦਰਅਸਲ 2013 ਵਿੱਚ ਜਦੋਂ ਮਨਜਿੰਦਰ ਸਿੰਘ ਲਾਲਪੁਰਾ ਇਕ ਟੈਕਸੀ ਚਲਾਉਂਦੇ ਸਨ ਤਦ ਉਹਨਾਂ ’ਤੇ ਇੱਕ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਕੁਝ ਔਰਤਾਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਸੀ ਅਤੇ ਮਾਮਲੇ ਵਿੱਚ ਉਸ ਸਮੇਂ ਦੇ ਐਸਐਸਪੀ ਅਤੇ ਡੀਸੀ ਦਾ ਵੀ ਤਬਾਦਲਾ ਹੋਇਆ ਸੀ ਅਤੇ ਸੋਸ਼ਲ ਮੀਡੀਆ ਤੇ ਲੋਕ ਗੁਰਮੀਤ ਸਿੰਘ ਚੌਹਾਨ ਅਤੇ ਮਨਜਿੰਦਰ ਸਿੰਘ ਲਾਲਪੁਰਾ ਦੇ ਕਿਰਦਾਰ ਦੀ ਤੁਲਨਾ ਕਰਦੇ ਹੋਏ ਸਵਾਲ ਖੜੇ ਕਰ ਰਹੇ ਹਨ ਕਿ ਸਰਕਾਰ ਕਿਸ ਪਾਸੇ ਹੈ।