ਅੰਮ੍ਰਿਤਸਰ, 15 ਸਤੰਬਰ 2023 – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਵਸ ਇਸ ਸਾਲ 16 ਸਤੰਬਰ 2023 ਨੂੰ ਮਨਾਇਆ ਜਾ ਰਿਹਾ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਲਈ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾ ਰਹੀ ਹੈ। ਇਸ ਵਾਰ ਦਰਬਾਰ ਸਾਹਿਬ ਦੀ ਸਜਾਵਟ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਕੰਪਨੀ ਨੂੰ ਠੇਕਾ ਨਹੀਂ ਦਿੱਤਾ ਗਿਆ। ਸਗੋਂ ਇਸ ਵਾਰ ਖੁਦ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਜਾ ਰਹੀ ਹੈ।
ਇਸ ਸੰਬੰਧੀ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕਰ ਰਹੇ ਮਾਨਸ ਬੰਡਲ ਨੇ ‘ਦਾ ਐਡੀਟਰ’ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਦਰਬਾਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਉਣ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਮਾਨਸ ਨੇ ਦੱਸਿਆ ਕਿ ਇਹ ਸੇਵਾ 13 ਸਤੰਬਰ ਤੋਂ ਚੱਲ ਰਹੀ ਹੀ ਅਤੇ ਲਗਪਗ ਇਸ ਸੇਵਾ ਦਾ ਕੰਮ ਪੂਰਾ ਹੋ ਗਿਆ ਹੈ, ਜੋ ਰਹਿੰਦਾ ਹੈ ਉਹ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਕੱਲ੍ਹ 16 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਵਸ ਮਨਾਇਆ ਜਾ ਰਿਹਾ ਹੈ।
ਦਰਬਾਰ ਸਾਹਿਬ ਨੂੰ ਸਜਾਉਣ ਦੇ ਲਈ ਕਰੀਬ 40 ਤੋਂ 50 ਤਰ੍ਹਾਂ ਦੇ ਤਾਜ਼ਾ ਫੁੱਲਾਂ ਦੀ ਵਰਤੋਂ ਕੀਤੀ ਗਈ ਹੈ। ਹਰਿਮੰਦਰ ਸਾਹਿਬ ਨੂੰ ਸਜਾਉਣ ਲਈ ਵਿਦੇਸ਼ਾਂ ਤੋਂ ਫੁੱਲ ਲਿਆਂਦੇ ਗਏ ਹਨ। ਦਰਬਾਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਉਣ ਦੇ ਲਈ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ, ਦਿੱਲੀ, ਬੈਂਗਲੁਰੂ, ਕੋਲਕਾਤਾ ਅਤੇ ਹੋਰ ਕਈ ਥਾਵਾਂ ਤੋਂ ਮੰਗਵਾਏ ਗਏ ਹਨ। ਦਰਬਾਰ ਸਾਹਿਬ ਨੂੰ ਫੁੱਲਾਂ ਦੇ ਨਾਲ ਸਜਾਉਣ ਦੇ ਲਈ ਲੱਖਾਂ ਦਾ ਖਰਚਾ ਆਵੇਗਾ। ਦਰਬਾਰਾ ਸਾਹਿਬ ਨੂੰ ਸਜਾਉਣ ਦੇ ਲਈ ਫੁੱਲਾਂ ਦੀ ਸਜਾਵਟ ਕਰਨ ਲਈ 100 ਐਕਸਪਰਟ ਲੱਗੇ ਹੋਏ ਨੇ ਜੋ ਕਿ ਇਸ ਕੰਮ ਦੇ ਮਾਹਿਰ ਹਨ।
ਸ਼ਨੀਵਾਰ ਨੂੰ ਸ੍ਰੀ ਰਾਮਸਰ ਸਾਹਿਬ ਤੋਂ ਹੀ ਨਗਰ ਕੀਰਤਨ ਕੱਢਿਆ ਜਾਵੇਗਾ, ਜੋ ਹਰਿਮੰਦਰ ਸਾਹਿਬ ਵਿਖੇ ਪਹੁੰਚੇਗਾ। ਇਸ ਦਿਨ ਸ਼ਰਧਾਲੂਆਂ ਲਈ ਲੰਗਰ ਵਿੱਚ ਵਿਸ਼ੇਸ਼ ਪਕਵਾਨ ਪਕਾਏ ਜਾਣਗੇ। ਗੁਰੂਘਰ ਵਿੱਚ ਲਾਈਟਾਂ ਸਜਾਈਆਂ ਜਾਣਗੀਆਂ। ਇਸ ਦੇ ਨਾਲ ਹੀ ਰਾਤ ਨੂੰ ਹਰਿਮੰਦਰ ਸਾਹਿਬ ਵਿਖੇ ਸੁੰਦਰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।