ਹੁਸ਼ਿਆਰਪੁਰ, 13 ਸਤੰਬਰ 2023 – ਫ਼ਰਜ਼ੀ ਸੈਕਸ਼ਨ ਲੈਟਰਾਂ ਦੇ ਮਾਮਲੇ ਵਿੱਚ ਘਿਰੇ ਹੋਏ ਹਲਕਾ ਚੱਬੇਵਾਲ ਤੋਂ ਕਾਂਗਰਸ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਦੀ ਇੱਕ ਅਦਾਲਤ ਨੇ ਤਿੰਨ ਦਿਨ ਦੀ ਰਾਹਤ ਦਿੱਤੀ ਹੈ ਅਤੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਹਦਾਇਤ ਦਿੱਤੀ ਹੈ ਕਿ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਗ੍ਰਿਫਤਾਰ ਕਰਨ ਤੋਂ ਤਿੰਨ ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ। ਇਹ ਰਾਹਤ ਹੁਸ਼ਿਆਰਪੁਰ ਦੇ ਐਡਵੋਕੇਟ ਐਚਐਸ ਸੈਣੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਤੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਐਡਵੋਕੇਟ ਸੈਣੀ ਬਰਗਾੜੀ ਅਤੇ ਬਹਿਬਲ ਕਲਾਂ ਅਤੇ ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜਦਾ ਬੀਜੇਪੀ ਲੀਡਰ ਸੁੰਦਰ ਸ਼ਾਮ ਅਰੋੜਾ ਦੇ ਵੀ ਵਕੀਲ ਹਨ। ਆਪਣੀ ਗ੍ਰਿਫ਼ਤਾਰੀ ਤੋਂ ਘਬਰਾਏ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ।
ਅੱਜ ਹੁਸ਼ਿਆਰਪੁਰ ਦੇ ਐਡੀਸ਼ਨਲ ਸੈਸ਼ਨ ਜੱਜ ਪ੍ਰੀਤਮੋਹਨ ਸ਼ਰਮਾ ਦੀ ਅਦਾਲਤ ਵਿੱਚ ਸੁਣਵਾਈ ਹੋਈ, ਹਾਲਾਂਕਿ ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਅਜੇ ਤੱਕ ਰਾਜ ਕੁਮਾਰ ਚੱਬੇਵਾਲ ਦੇ ਖਿਲਾਫ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅਤੇ ਵਿਜੀਲੈਂਸ ਨੇ ਅਦਾਲਤ ਨੂੰ ਇਹ ਦੱਸਿਆ ਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ ਪਰ ਉਹ ਸ਼ਾਮਲ ਨਹੀਂ ਹੋਏ, ਇਸ ਤੇ ਐਡਵੋਕੇਟ ਐਚ ਐਸਐਸ ਸੈਣੀ ਨੇ ਭਰੋਸਾ ਦਿਵਾਇਆ ਕਿ ਵਿਧਾਇਕ ਰਾਜ ਕੁਮਾਰ ਜਾਂਚ ਵਿੱਚ ਸ਼ਾਮਲ ਹੋਣਗੇ।
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਡਾਕਟਰ ਰਾਜਕੁਮਾਰ ਦੇ ਖ਼ਿਲਾਫ਼ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਐਸਸੀ, ਐਸਟੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਘਰਾਂ ਦੀਆਂ ਛੱਤਾਂ ਬਦਲਣ ਅਤੇ ਰਿਪੇਅਰ ਵਾਸਤੇ 10 ਹਜ਼ਾਰ ਲੈ ਕੇ 35 ਹਜ਼ਾਰ ਤੱਕ ਦੇ ਫ਼ਰਜ਼ੀ ਸੈਕਸ਼ਨ ਲੈਟਰ ਬਣਾ ਕੇ ਵੰਡਣ ਦੀ ਜਾਂਚ ਚੱਲ ਰਹੀ ਹੈ। ਇਸ ਘਟਨਾ ਨੂੰ ਲੈ ਕੇ ਡਾਕਟਰ ਰਾਜ ਕੁਮਾਰ ਚੱਬੇਵਾਲ ਸੋਸ਼ਲ ਮੀਡੀਆ ਤੇ ਕਾਫੀ ਟਰੋਂਲ ਹੋ ਰਹੇ ਹਨ, ਲੋਕਾਂ ਦਾ ਕਹਿਣਾ ਹੈ ਕਿ ਅਕਸਰ ਸਟੇਜਾਂ ਤੇ ਬੁੱੜਕਾਂ ਮਾਰਨ ਵਾਲਾ ਗ੍ਰਿਫਤਾਰੀ ਤੋਂ ਕਿਸ ਤਰ੍ਹਾਂ ਡਰ ਗਿਆ ਹੈ ?