ਚੰਡੀਗੜ੍ਹ, 12 ਸਤੰਬਰ 2023 – ਪੰਜਾਬ ਯੂਨੀਵਰਸਿਟੀ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ‘ਚ NSUI ਦੇ ਨੇਤਾ ਵੱਲੋਂ ਪ੍ਰਧਾਨਗੀ ਦੀ ਚੋਣ ਜਿੱਤਣ ਉਪਰੰਤ ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਾਲਾਤ ਇਸ ਗੱਲ ਨੇ ਪਤਲੇ ਹੋਏ, ਹੋਏ ਹਨ ਕਿ ਇਸ ਵਾਰ ਰਵਾਇਤ ਦੇ ਉਲਟ ਯੂਨੀਵਰਸਿਟੀ ਕਾਉਂਸਲ ਦੇ ਪ੍ਰਧਾਨ ਜਤਿੰਦਰ ਸਿੰਘ ਵਿਰਕ, ਰਾਜਾ ਵੜਿੰਗ ਨੂੰ ਮਿਲਣ ਤੋਂ ਕੰਨੀ ਕਤਰਾ ਰਹੇ ਹਨ ਅਤੇ ਰਾਜਾ ਵੜਿੰਗ ਇਸ ਗੱਲ ਲਈ ਤਰਲੋ ਮੱਛੀ ਹੋ ਰਹੇ ਹਨ ਕਿ ਕਦ ਸਟੂਡੈਂਟ ਕਾਉਂਸਲ ਦੇ ਪ੍ਰਧਾਨ ਉਨ੍ਹਾਂ ਨੂੰ ਮਿਲਣ ਆਉਂਦੇ ਹਨ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਦ ਕਦੀ ਵੀ NSUI ਦਾ ਨੇਤਾ ਪੰਜਾਬ ਯੂਨੀਵਰਸਿਟੀ ਕਾਉਂਸਲ ਦਾ ਪ੍ਰਧਾਨ ਬਣਿਆ ਉਹ ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਆਈ ਦੇ ਪ੍ਰਧਾਨ ਨੂੰ ਮਿਲਣ ਜਾਂਦਾ ਹੈ, ਲੇਕਿਨ ਇਸ ਵਾਰ ਮੌਜੂਦਾ ਪ੍ਰਧਾਨ ਨੇ ਇਸ ਰਵਾਇਤ ਨੂੰ ਤੋੜਦਿਆਂ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ ਅਤੇ ਉਹ ਚੋਣ ਜਿੱਤਣ ਤੋਂ ਐਨੇ ਦਿਨ ਬਾਅਦ ਵੀ ਕਈ ਹੋਰ ਨੇਤਾਵਾਂ ਨੂੰ ਤਾਂ ਮਿਲ ਰਹੇ ਹਨ ਪਰ ਰਾਜਾ ਵੜਿੰਗ ਦੇ ਦਰ ਦੀਆਂ ਪੌੜੀਆਂ ਨਹੀਂ ਚੜ੍ਹ ਰਹੇ।
ਜਿਥੇ NSUI ਦੇ ਅੰਦਰ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ, ਉਥੇ ਹੀ ਕਾਂਗਰਸ ਦੇ ਨੇਤਾਵਾਂ ‘ਚ ਵੀ ਤੂਲ ਫੜੀ ਹੋਈ ਹੈ ਅਤੇ ਰਾਜਾ ਵੜਿੰਗ ਆਪਣੀ ਹੋ ਰਹੀ ਇਸ ਕਿਰਕਰੀ ਤੋਂ ਬਚਣ ਲਈ ਅੱਜ ਆਨੇ-ਬਹਾਨੇ ਨਾਲ ਪੰਜਾਬ ਦੇ ਹਰ ਜ਼ਿਲ੍ਹਿਆਂ ਤੋਂ ਸਿਰਕੱਢ ਕਾਂਗਰਸ ਦੇ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਨੌਜਵਾਨਾਂ ਦੀ ਇੱਕ ਮੀਟਿੰਗ ਚੰਡੀਗੜ੍ਹ ‘ਚ ਬੁਲਾਈ ਸੀ ਅਤੇ ਸੱਦਾ ਪੰਜਾਬ ਯੂਨੀਵਰਸਿਟੀ ਕਾਉਂਸਲ ਦੇ ਪ੍ਰਧਾਨ ਨੂੰ ਵੀ ਭੇਜਿਆ ਸੀ ਲੇਕਿਨ ਰਾਜਾ ਵੜਿੰਗ ਦਾ ਆਂਗਨ ਫੇਰ ਸੁੰਨੇ ਦਾ ਸੁੰਨਾ ਰਿਹਾ ਕਿਉਂਕਿ ਤਮਾਮ ਕੋਸ਼ਿਸਾਂ ਦੇ ਬਾਵਜੂਦ ਵੀ ਜਤਿੰਦਰ ਸਿੰਘ ਵਿਰਕ ਉਸ ਮੀਟਿੰਗ ‘ਚ ਸ਼ਾਮਿਲ ਨਹੀਂ ਹੋਏ। ਹਾਲਾਂਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਪੁਰਾਣੀ ਫੋਟੋ ਨੂੰ ਹੀ ਸ਼ੇਅਰ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕੱਲ੍ਹ ਦਾ ਛੋਕਰਾ ਉਸ ਦੇ ਨਾਲ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹੋਏ ਹਨ ਉਦੋਂ ਤੋਂ ਹੀ ਕਾਂਗਰਸ ‘ਚ ਧੜੇਬੰਦੀ ਪੂਰੇ ਜੋਬਨ ‘ਤੇ ਹੈ, ਇਹ ਧੜੇਬੰਦੀ ਦਾ ਹੀ ਨਤੀਜਾ ਹੈ ਕਿ ਐਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਜਤਿੰਦਰ ਸਿੰਘ ਵਿਰਕ ਵੜਿੰਗ ਨੂੰ ਮਿਲਣ ਨਹੀਂ ਜਾ ਰਹੇ।