ਚੰਡੀਗੜ੍ਹ, 12 ਸਤੰਬਰ 2023 – ਪੰਜਾਬੀ ਯੂਨੀਵਰਸਿਟੀ ਵਿਖੇ ਭ੍ਰਿਸ਼ਟਾਚਾਰ, ਬੇਨੇਮੀਆਂ ਅਤੇ ਅਨੁਸ਼ਾਸਨਹੀਣਤਾ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦਾ ਘੇਰਾ ਦਿਨ-ਬ-ਦਿਨ ਵਸੀਹ ਹੁੰਦਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜਾਅਲ੍ਹੀ ਬਿਲਾਂ ਦੇ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਬੇਪਰਦ ਕਰਦਿਆਂ ਗ਼ੈਰ-ਅਧਿਆਪਨ ਅਮਲੇ ਦੇ ਸੰਬੰਧਤ ਕਰਮਚਾਰੀਆਂ ਨੂੰ ਬਰਖ਼ਾਸਤ/ਮੁਅੱਤਲ ਕਰਨ ਅਤੇ ਯੂਨੀਵਰਸਿਟੀ ਦੀ ਨੌਕਰੀ ਦੇ ਨਾਲ਼-ਨਾਲ਼ ਗ਼ੈਰ-ਕਾਨੂੰਨੀ ਤੌਰ ਉੱਤੇ ਵਿਦੇਸ਼ ਦੀ ਪੱਕੀ ਨਾਗਰਿਕਤਾ ਲੈਣ ਸੰਬੰਧੀ ਕੇਸ ਵਿੱਚ ਸਾਬਕਾ ਡੀਨ ਅਕਾਦਮਿਕ ਮਾਮਲੇ ਪ੍ਰੋ. ਪੁਸ਼ਪਿੰਦਰ ਗਿੱਲ ਨੂੰ ਮੁਅੱਤਲ ਕਰਨ ਜਿਹੇ ਮਾਮਲੇ ਇਸ ਮੁਹਿੰਮ ਸਦਕਾ ਹੀ ਸੰਭਵ ਹੋਏ ਹਨ।
ਇਸੇ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਹੁਣ ਸਪੋਰਟਸ ਸਾਇੰਸ ਵਿਭਾਗ ਦੇ ਪ੍ਰੋ. ਪਰਮਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਲੰਬਾ ਸਮਾਂ ਐੱਨ. ਐੱਸ. ਐੱਸ. ਦੇ ਇੰਚਾਰਜ ਵੀ ਰਹੇ ਹਨ। ਉਹਨਾਂ ਵਿਰੁੱਧ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਸੀ। ਮੁੱਢਲੀ ਜਾਂਚ ਅਨੁਸਾਰ ਇਨ੍ਹਾਂ ਮਾਮਲਿਆਂ ਵਿੱਚ ਸ਼ੱਕੀ ਪਾਏ ਜਾਣ ਉੱਤੇ ਉਹਨਾਂ ਨੂੰ ਅਗਲੇਰੇ ਪੱਧਰ ਉੱਤੇ ਜਾਂਚ ਮੁਕੰਮਲ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਉੱਪਰ ਪਹਿਲਾ ਦੋਸ਼ ਸਰਕਾਰੀ ਗੱਡੀ ਦੀ ਨਿੱਜੀ ਵਰਤੋਂ/ ਦੁਰਵਰਤੋਂ ਕਰਨ ਦਾ ਹੈ। ਦੂਜਾ ਦੋਸ਼ ਜਾਅਲ੍ਹੀ ਸਰਟੀਫ਼ਿਕੇਟ ਬਣਾਉਣ ਦਾ ਅਤੇ ਤੀਜਾ ਦੋਸ਼ ਯੂਨੀਵਰਸਟੀ ਨਾਲ ਸਬੰਧਿਤ ਸਮਾਨ ਦੇ ਲਾਪਤਾ ਹੋਣ ਦਾ ਹੈ। ਇਨ੍ਹਾਂ ਤਿੰਨਾਂ ਦੋਸ਼ਾਂ ਸਬੰਧੀ ਚੱਲ ਰਹੀ ਜਾਂਚ ਵਿੱਚ ਲੋੜੀਂਦੇ ਸਬੂਤਾਂ ਦੇ ਆਧਾਰ ਉੱਤੇ ਸ਼ੱਕੀ ਪਾਏ ਜਾਣ ਉਪਰੰਤ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਮੁਅੱਤਲੀ ਦੌਰਾਨ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈੰਪਸ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਰਿਪੋਰਟ ਕਰਨ ਦੇ ਹੁਕਮ ਹੋਏ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੁਰੱਖਿਆ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਣ ਕਾਰਨ ਸਬੰਧਤ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਅਤੇ ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਫ਼ਸਰ ਦੀ ਬਦਲੀ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਵਿਖੇ ਕਰ ਦਿੱਤੀ ਗਈ ਸੀ। ਉਸ ਦੀ ਥਾਂ ਨਵੇਂ ਇੰਚਾਰਜ ਕੈਂਪਸ ਸੁਰੱਖਿਆ ਦੀ ਭਰਤੀ ਕਰ ਲਈ ਗਈ ਹੈ। ਬਦਲੀ ਉਪਰੰਤ ਮੁੱਖ ਸੁਰੱਖਿਆ ਅਫ਼ਸਰ ਲੰਬੀ ਛੁੱਟੀ ਉੱਤੇ ਚਲੇ ਗਏ ਹਨ।