ਹੁਸ਼ਿਆਰਪੁਰ, 9 ਸਤੰਬਰ 2023 – ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਗਰੀਬਾਂ ਅਤੇ ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਬਦਲਣ ਅਤੇ ਰਿਪੇਅਰ ਲਈ ਜਾਅਲੀ ਸੈਕਸ਼ਨ ਲੈਟਰ ਦੇ ਮਾਮਲੇ ਵਿੱਚ ਇਕ ਵਾਰ ਫਿਰ ਵੱਡਾ ਝੂਠ ਬੋਲ ਗਏ। ਉਹ ਕਾਂਗਰਸ ਪਾਰਟੀ ਵੱਲੋਂ ਹੁਸ਼ਿਆਰਪੁਰ ਵਿਚ ਰੱਖੇ ਗਏ ਇੱਕ ਧਰਨੇ ਵਿੱਚ ਬੋਲ ਰਹੇ ਸਨ, ਇੱਥੇ ਇਹ ਗੱਲ ਦੱਸਣਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਕਰੋੜਾਂ ਰੁਪਏ ਦੀ ਰਾਸ਼ੀ ਚੱਬੇਵਾਲ ਵਿਧਾਨਸਭਾ ਹਲਕੇ ਵਿੱਚ ਗਰੀਬ ਅਤੇ ਐਸ ਈ ਐਸ ਟੀ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਰਿਪੇਅਰ ਕਰਨ ਲਈ ਜਾਰੀ ਕੀਤੀ ਗਈ ਸੀ, ਲੇਕਿਨ ਚੋਣ ਜਾਬਤਾ ਲੱਗਣ ਦੀ ਵਜ੍ਹਾ ਕਰਕੇ ਇਹ ਰਾਸ਼ੀ ਕੁਝ ਹੀ ਪਰਿਵਾਰ ਨੂੰ ਵੰਡੀ ਗਈ ਸੀ ਅਤੇ ਜਿਹੜੀ ਰਾਸ਼ੀ ਬਚ ਗਈ ਉਹ ਭਗਵੰਤ ਮਾਨ ਸਰਕਾਰ ਨੇ ਸਰਕਾਰ ਵਿੱਚ ਆਉਂਦਿਆਂ ਹੀ ਵਾਪਿਸ ਲੈ ਲਈ ਸੀ, ਲੇਕਿਨ ਇਸ ਵਿਚਾਲੇ ਜਿਹੜੀ ਖੇਡ ਚੱਬੇਵਾਲ ਹਲਕੇ ਦੇ ਵਿੱਚ ਇਹਨਾਂ ਲੋਕਾਂ ਨਾਲ ਖੇਡੀ ਗਈ, ਉਸ ਦਾ ਜਿਕਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਆਪਣੇ ਭਾਸ਼ਣ ਦੌਰਾਨ ਨਹੀਂ ਕੀਤਾ ਕਿ ਕਿਸ ਤਰਾਂ ਹਲਕੇ ਦੇ ਕਰੀਬ 4600 ਗਰੀਬ ਪਰਿਵਾਰਾਂ ਦੇ ਜਜ਼ਬਾਤਾਂ ਨਾਲ ਖੇਲਿਆ ਗਿਆ।
ਜਦੋਂ ਵਿਧਾਨ ਸਭਾ ਚੋਣਾਂ ਲਈ ਚੋਣ ਜਾਬਤਾ ਲੱਗਿਆ ਹੋਇਆ ਸੀ ਤਾਂ ਉਸ ਵਕਤ ਕੋਈ ਵੀ ਸਰਕਾਰੀ ਗਰਾਂਟ ਕਿਸੇ ਨੂੰ ਵੀ ਨਹੀਂ ਜਾਰੀ ਕੀਤੀ ਜਾ ਸਕਦੀ ਸੀ ਲੇਕਿਨ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਇਕ ਨਯਾਬ ਤਰੀਕਾ ਲੱਭਿਆ ਗਿਆ ਜਿਸ ਵਿੱਚ ਇਕ ਸਰਕਾਰੀ ਪੱਤਰ ਦੀ ਤਰਾਂ ਦਿਖਦਾ ਫ਼ਰਜ਼ੀ ਸੈਕਸ਼ਨ ਪੱਤਰ ਤਿਆਰ ਕੀਤਾ ਗਿਆ ਜੋ ਕਿ ਬੀਡੀਪੀਓ ਦਫ਼ਤਰ ਹੁਸ਼ਿਆਰਪੁਰ 2 ਅਤੇ ਬੀਡੀਪੀਓ ਦਫ਼ਤਰ ਮਾਹਿਲਪੁਰ ਦੇ ਲੈਟਰ ਹੈਡ ਤੇ ਤਿਆਰ ਕੀਤਾ ਗਿਆ, ਬਕਾਇਦਾ ਤੌਰ ਤੇ ਇਹਨਾਂ ਪੱਤਰਾਂ ਤੇ ਜਿਸ ਪੱਤਰ ਨੰਬਰ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਭੇਜੀ ਗਈ ਪੱਤਰ ਨੰਬਰ ਦਾ ਹਵਾਲਾ ਵੀ ਦੇ ਦਿਤਾ ਗਿਆ, ਅਤੇ ਇਸ ਪੱਤਰ ਦੇ ਅੱਧ ਵਿੱਚ ਇੱਕ ਖਾਨਾ ਤਿਆਰ ਕੀਤਾ ਗਿਆ ਜਿਸ ਵਿੱਚ ਉਸ ਵਿਅਕਤੀ ਦਾ ਨਾਮ ਅਤੇ ਰਾਸ਼ੀ ਭਰ ਦਿੱਤੀ ਗਈ ਅਤੇ ਜਾਰੀ ਕਰਤਾ ਦੀ ਜਗ੍ਹਾ ਬੀਡੀਪੀਓ ਦਸਤਖਤ ਅਤੇ ਮੋਹਰ ਦਾ ਇਸਤੇਮਾਲ ਕੀਤਾ ਗਿਆ ਅਤੇ ਨਾਲ ਹੀ ਇਹਨਾਂ ਪੱਤਰ ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਸਾਈਨ ਅਤੇ ਮੋਹਰ ਲਗਾਈ ਗਈ ਜੋ ਕਿ ਆਮ ਤੌਰ ਤੇ ਸਰਕਾਰੀ ਪੱਤਰਾਂ ਨੇ ਕਿਸੇ ਵੀ ਵਿਧਾਇਕ ਦੇ ਸਾਈਨ ਨਹੀਂ ਕੀਤੇ ਜਾਂਦੇ, ਲੇਕਿਨ ਇਹਨਾਂ ਫਰਜ਼ੀ ਚਿੱਠੀਆਂ ਦਾ ਭਾਂਡਾ ਉਸ ਵਕਤ ਭੱਜਿਆ ਜਦ ਇਹਨਾਂ ਚਿਠੀਆਂ ਤੇ ਡਿਸਪੈਚ ਨੰਬਰ ਨਹੀਂ ਲਗਾਇਆ ਗਿਆ, ਇੱਥੇ ਇਹ ਜਿਕਰਯੋਗ ਹੈ ਕਿ ਜਦੋਂ ਵੀ ਕਿਸੇ ਦਫ਼ਤਰ ਤੋਂ ਕੋਈ ਵੀ ਚਿੱਠੀ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਚਿੱਠੀ ਤੇ ਉਸ ਦਫ਼ਤਰ ਦਾ ਡਿਸਪੈਚ ਨੰਬਰ ਲਗਾਇਆ ਜਾਂਦਾ ਹੈ ਅਤੇ ਨਾਲ ਹੀ ਤਾਰੀਖ਼ ਨੂੰ ਅੰਕਿਤ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਫ਼ਰਜ਼ੀ ਚਿੱਠੀਆਂ ਜਾਰੀ ਕਰਕੇ ਲੋਕਾਂ ਨੂੰ ਇਹ ਬੇਵਕੂਫ਼ ਬਣਾ ਦਿੱਤਾ ਗਿਆ ਤੁਹਾਡੀ ਗਰਾਂਟ ਮਨਜ਼ੂਰ ਹੋ ਚੁੱਕੀ ਹੈ ਅਤੇ ਚੋਣਾਂ ਤੋਂ ਬਾਅਦ ਚਿੱਠੀਆਂ ਦੇ ਮੁਤਾਬਕ ਪੈਸੇ ਜਾਰੀ ਕਰ ਦਿੱਤੇ ਜਾਣੇ ਹਨ।
ਬੀਡੀਪੀਓ ਦੀ ਅਭੈ ਕੁਮਾਰ ਦੀ ਭੂਮਿਕਾ ਸ਼ੱਕੀ
ਇਸ ਸਾਰੇ ਮਾਮਲੇ ਵਿੱਚ ਉਸ ਸਮੇਂ ਹੁਸ਼ਿਆਰਪੁਰ ਵਿਚ ਤਾਇਨਾਤ ਬੀਡੀਪੀਓ ਅਬੇ ਕੁਮਾਰ ਦੀ ਭੂਮਕਾ ਵੀ ਸ਼ੱਕੀ ਹੈ ਜਦੋਂ ਉਹਨਾਂ ਨਾਲ ਇਸ ਮਾਮਲੇ ਸੰਬੰਧੀ ਗੱਲ ਕੀਤੀ ਗਈ ਉਹ ਇਕ ਦਮ ਉਹਨਾਂ ਨੇ ਡਾਕਟਰ ਰਾਜ ਕੁਮਾਰ ਨੂੰ ਕਲੀਨ ਚਿੱਟ ਦੇ ਦਿੱਤੀ ਅਤੇ ਇਸ ਨਤੀਜੇ ਤੇ ਪਹੁੰਚ ਗਏ ਕੀ ਡਾਕਟਰ ਰਾਜਕੁਮਾਰ ਦੇ ਸਾਈਨ ਸਕੈਨ ਕਰਕੇ ਲਗਾਏ ਗਏ ਹਨ ਇਹ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਇਸ ਮਾਮਲੇ ਵਿਚ ਉਸ ਸਮੇਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਦ ਕਿ ਲਗਾਤਾਰ ਸਰਪੰਚ ਇਹ ਸ਼ਿਕਾਇਤਾਂ ਭੇਜ ਰਹੇ ਸਨ ਕਿ ਪਿੰਡਾਂ ਵਿਚ ਸੈਕਸ਼ਨ ਲੈਟਰ ਵੰਡੇ ਜਾ ਰਹੇ ਹਨ।
ਗਰੀਬਾਂ ਨੂੰ ‘ ਮਾਇਆ ਮੋਹ ’ ਵਿਚ ਫਸਾਉਣ ਵਾਲੇ ਰਾਜ, ਵਿਜੀਲੈਂਸ ਦੀ ਅੱਖ ਚੜ੍ਹੇ
2022 ਦੀਆ ਵਿਧਾਨ ਸਭਾ ਚੋਣਾ ਵਿੱਚ ਵੋਟਰਾਂ ਨੂੰ ਕਥਿਤ ਰਿਸ਼ਵਤ ਦੇਣ ਦਾ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਤੇ ਇਸ ‘ ਰਿਸ਼ਵਤ ਕਾਂਡ ’ ਦੇ ਪਿੱਛੇ ਕੋਈ ਹੋਰ ਨਹੀਂ ਬਲਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਦੀ ਟਿਕਟ ’ਤੇ ਜਿੱਤ ਕੇ ਆਏ ਡਾ. ਰਾਜ ਕੁਮਾਰ ਚੱਬੇਵਾਲ ਦੱਸੇ ਜਾ ਰਹੇ ਹਨ ਅਤੇ ਹੁਣ ਇਸ ਰਿਸ਼ਵਤ ਕਾਂਡ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਕਰ ਰਹੀ ਹੈ, ਹਾਲਾਂਕਿ ਕਾਂਗਰਸ ਤੇ ਆਪ ਦੇ ਸੰਭਾਵੀ ਗੱਠਜੋੜ ਦੇ ਚੱਲਦਿਆ ਇਹ ਜਾਂਚ ਠੰਡੇ ਬਸਤੇ ਵੱਲ ਰਵਾਨਾ ਹੋ ਗਈ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਡਾ. ਰਾਜ ਕੁਮਾਰ ਦੇ ਚੇਹਰੇ ਦੀਆਂ ਉੱਡੀਆਂ ਹੋਈਆਂ ਹਵਾਈਆਂ ਵਾਪਿਸ ਆਉਣੀਆਂ ਸ਼ੁਰੂ ਹੋ ਗਈਆਂ ਹਨ, ਇੱਥੇ ਜਿਕਰਯੋਗ ਹੈ ਕਿ ਇਸ ਸਰਕਾਰੀ ਰਿਸ਼ਵਤ ਕਾਂਡ ਵਿੱਚ ਚੱਬੇਵਾਲ ਵਿਧਾਨ ਸਭਾ ਹਲਕੇ ਅੰਦਰ ਤਕਰੀਬਨ 4600 ਦੇ ਕਰੀਬ ਐੱਸ.ਸੀ., ਐੱਸ.ਟੀ. ਤੇ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਪਰਿਵਾਰਾਂ ਨੂੰ ਘਰਾਂ ਦੀ ਮੁਰੰਮਤ ਕਰਵਾਉਣ ਲਈ ਲੱਗਭੱਗ 100 ਪਿੰਡਾਂ ਵਿੱਚ ਸੈਕਸ਼ਨ ਲੈਟਰ ਤਿਆਰ ਕਰਕੇ ਵੰਡ ਦਿੱਤੇ ਗਏ ਤੇ ਇਹ ਸੈਕਸ਼ਨ ਲੈਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਵੰਡ ਦਿੱਤੇ ਗਏ ਜੋ ਕਿ ਚੋਣਾਂ ਤੋਂ ਬਾਅਦ ਪਤਾ ਲੱਗਾ ਕਿ ਉਹ ਸਾਰੇ ਸੈਕਸ਼ਨ ਲੈਟਰ ਜਾਅਲੀ ਨਿੱਕਲੇ ਸਨ ਜਦੋਂ ਤੱਕ ਇਹ ਪਤਾ ਚੱਲਦਾ ਕਿ ਇਹ ਲੈਟਰ ਜਾਅਲੀ ਹਨ ਤਦ ਤੱਕ ਡਾ. ਰਾਜ ਕੁਮਾਰ ਚੱਬੇਵਾਲ ਇਸ ਅਨੌਖੀ ਰਿਸ਼ਵਤ ਦੇ ਸਹਾਰੇ ਉਨ੍ਹਾਂ 4600 ਦੇ ਕਰੀਬ ਪਰਿਵਾਰਾਂ ਤੋਂ 20 ਤੋਂ 25 ਹਜਾਰ ਵੋਟ ਹਾਸਿਲ ਕਰਨ ਵਿੱਚ ਕਾਮਯਾਬ ਹੋ ਗਏ ਤੇ ਇਨ੍ਹਾਂ ਵੋਟਾਂ ਦੀ ਮਦਦ ਨਾਲ ਆਪਣੇ ਹਲਕੇ ਦੇ ਵੋਟਰਾਂ ਦੇ ਅੱਖੀ ਘੱਟਾ ਪਾ ਕੇ ਐੱਮ.ਐਲ.ਏ. ਬਣਨ ਵਿੱਚ ਕਾਮਯਾਬ ਹੋ ਗਏ।
ਆਪ ਮੈਮੋਰੰਡਮ ਦੇ ਕੇ ਫਸੇ ਰਾਜ ਕੁਮਾਰ
ਚੋਣਾਂ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਉਹ ਜਾਅਲੀ ਸੈਕਸ਼ਨ ਲੈਟਰ ਡਾ. ਰਾਜ ਕੁਮਾਰ ਚੱਬੇਵਾਲ ਨੇ ਵੰਡੇ ਸਨ ਤੇ ਉਹ ਸੈਕਸ਼ਨ ਲੈਟਰ ਲੈ ਕੇ ਜਦੋਂ ਉਹ ਪਹਿਲਾ ਸਰਪੰਚਾਂ ਤੇ ਫਿਰ ਬੀ.ਡੀ.ਪੀ.ਓ. ਪਾਸ ਗਏ ਤਾਂ ਬੀ.ਡੀ.ਪੀ.ਓ.ਦਫਤਰ ਤੋਂ ਲੋਕਾਂ ਨੂੰ ਇਹ ਜਾਣਕਾਰੀ ਮਿਲਣੀ ਸ਼ੁਰੂ ਹੋ ਗਈ ਕਿ ਬੀ.ਡੀ.ਪੀ.ਓ.ਦਫਤਰ ਤੋਂ ਅਜਿਹੇ ਕੋਈ ਪੱਤਰ ਜਾਰੀ ਹੀ ਨਹੀਂ ਹੋਏ ਤਦ ਉਹ ਲੋਕ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਘਰ ਪੁੱਜਣੇ ਸ਼ੁਰੂ ਹੋ ਗਏ ਤੇ 20 ਮਈ 2022 ਨੂੰ ਡਾ. ਰਾਜ ਕੁਮਾਰ ਚੱਬੇਵਾਲ ਨੇ ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਧਰਨਾ ਮਾਰਿਆ ਤੇ ਇੱਕ ਮੈਮੋਰੰਡਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਦਿੱਤਾ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਡੀ.ਡੀ.ਪੀ.ਓ.ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ, ਇਸ ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਉਸ ਮੈਮੋਰੰਡਮ ਦੇ ਸਬੰਧ ਵਿੱਚ ਡਾ. ਰਾਜ ਕੁਮਾਰ ਨੂੰ ਜਿਹੜੀ ਚਿੱਠੀ ਲਿਖੀ ਉਸ ਵਿੱਚ ਡੀ.ਸੀ. ਨੇ ਇਹ ਸਪੱਸ਼ਟ ਕਰ ਦਿੱਤਾ ਕਿ ਉਸ ਸਾਰੇ ਸੈਕਸ਼ਨ ਲੈਟਰ ਜਾਅਲੀ ਹਨ।
ਡਾ. ਰਾਜ ਕੁਮਾਰ ਚੱਬੇਵਾਲ ਖਿਲਾਫ ਸ਼ੁਰੂ ਹੋਈ ਜਾਂਚ
ਕੁਝ ਸਰਪੰਚਾਂ ਨੇ ਚੋਣ ਜਾਬਤੇ ਦੌਰਾਨ ਹੀ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪਿੰਡਾਂ ਵਿੱਚ ਅਜਿਹੀਆਂ ਚਿੱਠੀਆਂ ਵੰਡੀਆਂ ਜਾ ਰਹੀਆਂ ਹਨ, ਕਿਉਂਕਿ ਉਸ ਸਮੇਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਨ ਤੇ ਨਾਲ ਹੀ ਉਹ ਜ਼ਿਲ੍ਹੇ ਦੇ ਚੋਣ ਅਧਿਕਾਰੀ ਵੀ ਸਨ, ਉਨ੍ਹਾਂ ਨੇ ਇਸ ਮਾਮਲੇ ਨੂੰ ਚੋਣਾਂ ਤੱਕ ਦਬਾਈ ਰੱਖਿਆ ਤੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੀ.ਡੀ.ਪੀ.ਓ.ਹੁਸ਼ਿਆਰਪੁਰ-2 ਨੇ ਸਾਰੇ ਤੱਥ ਲਿਖ ਕੇ ਇਸ ਮਾਮਲੇ ਦੀ ਸ਼ਿਕਾਇਤ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਕਰ ਦਿੱਤੀ ਲੇਕਿਨ ਉਨ੍ਹਾਂ ਨੇ ਖੁਦ ਕਾਰਵਾਈ ਕਰਨ ਦੀ ਥਾਂ ਇਨ੍ਹਾਂ ਸ਼ਿਕਾਇਤਾਂ ਨੂੰ ਅੱਗੇ ਤੋਰ ਦਿੱਤਾ। ਪਤਾ ਲੱਗਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਵਿਜੀਲੈਂਸ ਬਿਊਰੋ ਕਰ ਰਹੀ ਹੈ।
ਆਪ ਦੇ ਹਲਕਾ ਇੰਚਾਰਜ ਪਏ ਪਿੱਛੇ
ਆਮ ਆਦਮੀ ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਚੱਬੇਵਾਲ ਹਲਕੇ ਤੋਂ ਟਿਕਟ ਦਿੱਤੀ ਸੀ ਤੇ ਉਹ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਵੰਡੇ ਗਏ ਜਾਅਲੀ ਸੈਕਸ਼ਨ ਲੈਟਰਾਂ ਕਾਰਨ ਚੋਣ ਹਾਰ ਗਏ ਸਨ ਤੇ ਉਹ ਇਸ ਮਾਮਲੇ ਨੂੰ ਬਾਖੂਬੀ ਉਠਾ ਰਹੇ ਹਨ, ਇਹ ਸਾਰਾ ਖੁਲਾਸਾ ਹਰਮਿੰਦਰ ਸਿੰਘ ਸੰਧੂ ਨੇ ਆਰ.ਟੀ.ਆਈ.ਰਾਹੀਂ ਪ੍ਰਾਪਤ ਕੀਤੀ ਗਈ ਜਾਣਕਾਰੀ ਤਹਿਤ ਕੀਤਾ ਹੈ, ਉਨ੍ਹਾਂ ਨੇ ਦਾ ਐਡੀਟਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਡਾ. ਰਾਜ ਕੁਮਾਰ ਚੱਬੇਵਾਲ ਨੇ ਗਰੀਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਤੇ ਉਨ੍ਹਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾ ਕੇ ਉਨ੍ਹਾਂ ਨੂੰ ਵੋਟਾਂ ਵਿੱਚ ਇਸਤੇਮਾਲ ਕੀਤਾ ਹੈ, ਇੱਥੇ ਜਿਕਰਯੋਗ ਹੈ ਕਿ ਜਿਹੜੇ ਜਾਅਲੀ ਸੈਕਸ਼ਨ ਲੈਟਰ ਵੰਡੇ ਗਏ ਉਨ੍ਹਾਂ ’ਤੇ ਬੀ.ਡੀ.ਪੀ.ਓ.ਦੇ ਨਾਲ-ਨਾਲ ਡਾ. ਰਾਜ ਕੁਮਾਰ ਚੱਬੇਵਾਲ ਦੇ ਵੀ ਦਸਤਖਤ ਤੇ ਮੋਹਰ ਲੱਗੀ ਹੋਈ ਹੈ, ਜਦੋਂ ਕਿ ਕਿਸੇ ਵੀ ਸਰਕਾਰੀ ਚਿੱਠੀ ’ਤੇ ਵਿਧਾਇਕ ਦੇ ਦਸਤਖਤ ਨਹੀਂ ਹੋ ਸਕਦੇ। ਇਸ ਸਬੰਧੀ ਡਾ. ਰਾਜ ਕੁਮਾਰ ਨਾਲ ਸੰਪਰਕ ਕੀਤਾ ਗਿਆ ਲੇਕਿਨ ਉਨ੍ਹਾਂ ਨੇ ਇਸ ਮਾਮਲੇ ’ਤੇ ਚੁੱਪੀ ਸਾਧ ਲਈ ਹੈ। ਇਨ੍ਹਾਂ ਸੈਕਸ਼ਨ ਲੈਟਰਾਂ ਵਿੱਚ 10 ਹਜਾਰ ਤੋਂ ਲੈ ਕੇ 35 ਹਜਾਰ ਤੱਕ ਦੀ ਆਰਥਿਕ ਮਦਦ ਦਾ ਵਾਅਦਾ ਕੀਤਾ ਗਿਆ ਸੀ।